ਜ਼ਿੰਦਾਨਾਂ ਦੇ ਦਰ ਨਹੀਂ ਖੁਲ੍ਹਦੇ ਹੰਝੂਆਂ ਹਾਵਾਂ ਨਾਲ਼

ਜ਼ਿੰਦਾਨਾਂ ਦੇ ਦਰ ਨਹੀਂ ਖੁਲ੍ਹਦੇ ਹੰਝੂਆਂ ਹਾਵਾਂ ਨਾਲ਼
ਸੱਜਣਾਂ ਇਹ ਤਾਂ ਖੁਲ੍ਹਣਗੇ ਲੋਹੇ ਦੀਆਂ ਬਾਹਵਾਂ ਨਾਲ਼

ਵੇਖ ਜ਼ਮਾਨਾ ਗੱਲ ਕਰਦਾ ਏ ਅੱਜ ਹਵਾਵਾਂ ਨਾਲ਼
ਮੰਜ਼ਿਲ ਤੇਰੇ ਹੱਥ ਨਹੀਂ ਆਉਣੀ ਸਿਰਫ਼ ਦੁਆਵਾਂ ਨਾਲ਼

ਨਾ ਭੁੱਲ ਸਕਿਆਂ ਨਾ ਭੁੱਲ ਸਕਦਾਂ ਬਿਆਸ ਦੇ ਕੰਢਿਆਂ ਨੂੰ
ਸਦਾ ਰਵ੍ਹੇਗੀ ਯਾਦ ਇਨ੍ਹਾਂ ਦੀ ਮੇਰਿਆਂ ਸਾਹਵਾਂ ਨਾਲ਼

ਇੱਕੋ ਰੁਖ ਹਵਾ ਵਿਚ ਵੱਸਿਆ, ਕੋਈ ਨਾ ਦਿਸਿਆ ਫੇਰ
ਸਾਡਾ ਰਾਹ ਬਦਲ ਸਕਦਾ ਏ ਕੌਣ ਅਦਾਵਾਂ ਨਾਲ਼

ਖ਼ੌਫ਼ ਦਾ ਸਾਇਆ ਜ਼ਿਹਨ ਅਪਣੇ ਦੇ ਆਉਣ ਨਾ ਦਿੱਤਾ ਕੋਲ਼
ਧੰਨ ਜਿਗਰਾ ਸਾਡਾ ਵੀ 'ਜਾਲਿਬ' ਰਹੇ ਬਲਾਵਾਂ ਨਾਲ਼

ਹਵਾਲਾ: ਰਾਤ ਕੁਲੈਹਣੀ, ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 61 ( ਹਵਾਲਾ ਵੇਖੋ )