ਮਿਰਜ਼ਾ ਸਾਹਿਬਾਂ

ਹਮਦ

1
ਮੁੜੇ ਕੌਣ ਕਲਾਮ ਨੂੰ ਜਾਂ ਲਿਖੇ ਲਿਖਣ ਹਾਰ
ਇਸ਼ਕ ਗਹਾਏ ਆਸ਼ਿਕਾਂ ਕਰ ਕੇ ਚਸ਼ਮਾਂ ਚਾਰ
ਨਾਵਕ ਵਗਣ ਜ਼ਹਿਰ ਦੇ ਦਸਰ ਜਾਵਣ ਸਾਰ
ਹੱਕ ਸਹਿਕਣ ਹੱਕ ਤੜਫਦੇ ਲੰਘ ਪਏ ਹੱਕ ਹਾਰ

ਆਸ਼ਿਕ ਮਿਸਲ ਪਤੰਗ ਦੇ ਸੜੀਨ ਤਾਵੜੀ ਮਾਰ
ਲੱਗਾ ਕਰਮ ਨਖ਼ਾਸ ਜਿਉਂ ਇਸ਼ਕੇ ਦਾ ਬਾਜ਼ਾਰ
ਬਿਰਹੋਂ ਡੁਬਾਇਆ ਸੋਹਣੀਏ ਅਧਕੜੇ ਵਿਚਾਰ
ਸੱਸੀ ਕਿੱਥੇ ਲੁੱਟਦੀ ਜੰਗਲ਼ ਵਿਚ ਉਜਾੜ

ਬਾਈਏ, ਲੈਲਾਂ, ਹੀਰ ਨੂੰ ਸੁਣੇ ਜਲਾਲੀ ਚਾਰ
ਧੁਰ ਕੇ ਸੂਲੀ ਅਸ਼ਕਦੀ ਚਾੜ੍ਹੇ ਵਾਰੋ ਵਾਰ
ਮਿਰਜ਼ੇ ਤਾਈਂ ਛੱਡ ਲਈਂ ਗੱਲੀਂ ਕਖੇਂ ਸਾੜ
ਖਾਰੇ ਚੜ੍ਹਦੀ ਸਾਹਿਬਾਨ ਠੱਗ ਖੜੀ ਵਿਚ ਬਾਰ

ਦਾਜ ਦਿੱਤਾ ਮਿਲ ਮਾਹਨਿਆਂ ਸਾਹਿਬਾਨ ਦੇ ਪਰਵਾਰ
ਨਾਵਕ ਤੇਰਾਂ ਬਰਛਿਆਂ ਤੇਗ਼ਾਂ ਦੀ ਛਮਕਾਰ
ਦਫ਼ਤਰ ਵਾਚੇ ਦਰਦ ਦੇ ਰਾਂਝੇ ਬਰਖ਼ੁਰਦਾਰ
ਕਿੱਸੇ ਕਰਦਾ ਆਸ਼ਿਕਾਂ ਗੱਲ ਰਹੇ ਸੰਸਾਰ