ਜਗਨੋ ਹੀ ਲੜਦੇ ਨੇਂ ਰੋਜ਼ ਹਨੇਰੇ ਨਾਲ਼

ਜਗਨੋ ਹੀ ਲੜਦੇ ਨੇਂ ਰੋਜ਼ ਹਨੇਰੇ ਨਾਲ਼
ਦੀਵੇ ਚੁਪਕੇ ਬੈਠੇ ਰਹਿਣ ਬਨੇਰੇ ਨਾਲ਼

ਭਟਕਣ ਪਿੱਛੋਂ ਇਧਰ ਸਾਰਾ ਦਿਨ
ਮੇਰਾ ਸਾਇਆ ਲਪਟ ਗਿਆ ਫ਼ਰ ਮੇਰੇ ਨਾਲ਼

ਸੋਚਦਿਆਂ ਦਿਨ ਬੀਤ ਗਿਆ ਕਿ ਕੱਲ੍ਹ ਰਾਤੀਂ
ਇਕ ਜਗਨੋ ਕਿਉਂ ਭਟਕ ਰਿਹਾ ਸੀ ਮੇਰੇ ਨਾਲ਼

ਜਦ ਤੱਕ ਬੀਨ ਰਹੇ ਹਲ਼ਦੀ ਉਦੋਂ ਤੀਕਰ ਹੀ
ਰਹਿੰਦੀ ਹੈ ਨਾਗਾਂ ਦੀ ਸਾਂਝ ਸਪੇਰੇ ਨਾਲ਼

ਇਕ ਦਿਨ ਪੰਛੀ ਉਤਰਨਗੇ ਚੋਗਾ ਤਾਂ ਪਾ
ਮਿੱਟੀ ਦੇ ਕੁੱਝ ਪੰਛੀ ਰਖ ਬਨੇਰੇ ਨਾਲ਼

ਉਨ੍ਹਾਂ ਨੂੰ ਵੀ ਚੈਨ ਨਹੀਂ ਮਿਲਿਆ ਏ ਕੰਗ
ਨਫ਼ਰਤ ਜੋ ਕਰਦੇ ਸੀ ਤੇਰੇ ਮੇਰੇ ਨਾਲ਼