ਸੁਣਾਓ ਗੀਤ ਖ਼ੁਸ਼ੀਆਂ ਦੇ ਸੁਝਾਓ ਮਹਿਫ਼ਲਾਂ ਯਾਰੋ

ਸੁਣਾਓ ਗੀਤ ਖ਼ੁਸ਼ੀਆਂ ਦੇ ਸੁਝਾਓ ਮਹਿਫ਼ਲਾਂ ਯਾਰੋ
ਲਗਾਉ ਉਜੜੇ ਦੀੜ੍ਹੇ ਚ ਫ਼ਿਰ ਤੋਂ ਰੌਣਕਾਂ ਯਾਰੋ

ਤੁਸੀਂ ਮਾਯੂਸ ਨਾ ਹੋਵ ਕਰੋ ਕੁੱਝ ਹੌਸਲਾ ਉਠੋ
ਕਿ ਬੰਦਾ ਪਹੁੰਚਦਾ ਏ ਮੰਜ਼ਿਲ ਤੇ ਖਾ ਠੋਕਰਾਂ ਯਾਰੋ

ਇਹ ਬਗਲੇ ਭਗਤ ਫ਼ਿਰ ਫਿਰਦੇ ਨੇਂ ਉਸੇ ਝੀਲ ਦੇ ਕੰਢੇ
ਹੈ ਦਿਲ ਵਿਚ ਖੋਟ ਇਨ੍ਹਾਂ ਦੇ, ਨੇਂ ਸ਼ਕਲਾਂ ਭੋਲੀਆਂ ਯਾਰੋ

ਇਹ ਕੱਲੀ ਆਪਣੀ ਆਪ ਹੀ ਕਿਧਰੇ ਫੂਕ ਨਾ ਸੁਟਨਾ
ਦਿਲ ਵਿਚ ਸਾਂਭ ਕੇ ਰੱਖੋ ਇਹ ਲਾਟਾਂ ਅੱਗ ਦੀਆਂ ਯਾਰੋ

ਇਨ੍ਹਾਂ ਦਾ ਧਰਮ ਹੈ ਕਿਹੜਾ ਇਨ੍ਹਾਂ ਦੀ ਜ਼ਾਤ ਹੈ ਕਿਹੜੀ
ਫ਼ਜ਼ਾ ਅੰਦਰ ਜੋ ਚੀਖ਼ਾਂ ਦੂਰ ਤੱਕ ਹਨ ਸੁਣਦਿਆਂ ਯਾਰੋ

ਅਸੀਂ ਧਰਤੀ ਤੋਂ ਅੰਬਰ ਤਕ ਬਸ਼ਕ ਤੈਅ ਕਰ ਲਿਆ ਰਸਤਾ
ਦਿਲਾਂ ਵਿਚ ਆਪਣੇ ਐਪਰ ਨੇਂ ਵਧੀਆਂ ਦੂਰੀਆਂ ਯਾਰੋ

ਗਵਾਹੀ ਦੇ ਰਹੇ ਨੇਂ ਜ਼ਖ਼ਮ ਤੇ ਉਸ ਸ਼ਖ਼ਸ ਦੇ ਹੰਝੂ
ਕਿ ਝੱਲੀਆਂ ਉਸ ਨੇ ਜੀਵਨ ਚ ਬੜੀਆਂ ਔਕੜਾਂ ਯਾਰੋ

ਨਹੀਂ ਸੀ ਕੰਗ ਨੂੰ ਮਾਅਮੂਲ ਜੋ ਮੰਡਪ ਸਜਾਉਂਦੇ ਨੇਂ
ਕਿ ਖ਼ੁਦ ਲੁੱਟਣਗੇ ਉਹੀ ਸ਼ਖ਼ਸ ਸਜੀਆਂ ਡੌਲਿਆਂ ਯਾਰੋ