ਸੱਸੀ ਪੰਨੂੰ

ਸਫ਼ਾ 16

ਰਾਹ ਦਿਨੀਂ ਫੜ ਰਾਹ ਲਿਓ ਨੇਂ, ਪਲਕ ਨਾ ਥੀਵਣ ਮਾਣਦੇ
ਸਖ਼ਤ ਮਿਜ਼ਾਜ਼ ਬਲੋਚ ਹਮੇਸ਼ਾ, ਫਿਰਨ ਨਸੀਬ ਜੀਹਨਾਨਦੇ
ਯੂਸੁਫ਼ ਮਿਸਰ ਬਣੇ ਕਰਵਾਣੀ, ਵੇਖ ਦੁਬਾਰ ਲਿਜਾਂਦੇ
ਹਾਸ਼ਿਮ ਬਾਦਸ਼ਾਹਾਂ ਦੁੱਖ ਪਾਵਨ, ਸਖ਼ਤ ਜ਼ੰਜ਼ੀਰ ਦਿਲਾਂ ਦੇ

ਸ਼ਹਿਰ ਭਨਭੋਰ ਪਿਓ ਨੇਂ ਨਜ਼ਰੀਂ, ਆਹਾ ਵਕਤ ਸਵੇਰਾ
ਨਾਲ਼ ਪਿਆਰ ਕੇਤੂ ਨੇਂ ਕਰਹਾਂ, ਚੁਸਤ ਚਾਲਾਕ ਵਧੇਰਾ
ਨਾਲ਼ ਹਕਾਰਤ ਬਾਗ਼ ਸੱਸੀ ਦੇ, ਜਾ ਕੇਤੂ ਨੇਂ ਡੇਰਾ
ਹਾਸ਼ਿਮ ਛੋੜ ਦਿੱਤਾ ਵਿਚ ਸ਼ਤਰਾਂ, ਚਰਨ ਇਰਾਕ ਚੋਫ਼ੀਰਾ

ਕਹਿਕਹਾ ਵਾਂਗ ਤਿਲਸਮੇਂ ਆਹੀਆਂ, ਬਾਗ਼ ਚੌਫੇਰ ਦੀਵਾਰਾਂ
ਫ਼ਰਸ਼ ਜ਼ਮੀਨ ਜ਼ਮੁਰਦ ਆਹਾ, ਸਾਬਤ ਨਕਸ਼ ਨਗਾਰਾਂ
ਨਹਿਰਾਂ ਹੌਜ਼ ਫੁਹਾਰੇ ਬਰਸਨ, ਹਰ ਹਰ ਚੌਂਕ ਬਹਾਰਾਂ
ਹਾਸ਼ਿਮ ਸ਼ੋਰ ਜਨਾਵਰ ਕਰਦੇ, ਮੋਰ ਚਕੋਰ ਹਜ਼ਾਰਾਂ

ਘਾਇਲ ਇਸ਼ਕ ਖੜੇ ਗੱਲ ਲਾਲਾ, ਨਾਲ਼ ਲਹੂ ਮੁੱਖ ਧੋਤੇ
ਸੇਬ ਅੰਗੂਰ ਅਨਾਰ ਭਰੇ ਰਸ, ਚੁੰਝ ਨਾ ਲਾਵਣ ਤੋਤੇ
ਕਮਰੀ ਕੂਕ ਕਰੇ ਫ਼ਰਿਆਦਾਂ, ਸਰੂ ਆਜ਼ਾਦ ਖਲੋਤੇ
ਹਾਸ਼ਿਮ ਵੇਖ ਬਹਾਰ ਚਮਨ ਦੀ, ਰੂਹ ਆਪਣੇ ਵਿਚ ਗ਼ੋਤੇ