ਸੱਸੀ ਪੰਨੂੰ

ਸਫ਼ਾ 17

ਕੁੱਝ ਬਲਖ਼ੀ ਬਗ਼ਦਾਦੀ ਅਸ਼ਤਰ, ਕੁੱਝ ਬਖ਼ਤੀ ਕਿਨਾਨੀ
ਦੋਜ਼ਖ਼ ਪੇਟ ਨਾ ਗਰਦਨ ਚੌੜੀ, ਇਜ਼ਰਾਈਲ ਨਿਸ਼ਾਨੀ
ਚਾਰਨ ਬਾਗ਼ ਤੁੜਾਉਣ ਸ਼ਾਖ਼ਾਂ, ਕਰਨ ਬਲੋਚ ਹੈਵਾਨੀ
ਹਾਸ਼ਿਮ ਨਾਲ਼ ਗਮਾਂ ਪੁਨੂੰ ਦੇ, ਚੀਆ ਚੜ੍ਹੇ ਕਰਵਾਣੀ

ਜਾ ਖੜੇ ਦਰਬਾਰ ਸੱਸੀ ਦੇ, ਸ਼ੋਰ ਕੀਤਾ ਬਾਗ਼ਬਾਨਾਂ
ਬਾਗ਼ ਵੀਰਾਨ ਹੋਇਆ ਕੱਲ੍ਹ ਸਾਰਾ, ਚਾਰ ਲਿਆ ਕਰਵਾਨਾਂ
ਖ਼ੌਫ਼ ਖ਼ੁਦਾ ਨਾ ਮਰਨੋਂ ਡਰਦੇ, ਖਾਵਣ ਮਾਲ ਬੇਗਾਨਾਂ
ਹਾਸ਼ਿਮ ਸ਼ਹਿਰ ਭਨਭੋਰ ਬੀਰਾ ਜਾ, ਨਿਆਉਂ ਨਹੀਂ ਸੁਲਤਾਨਾਂ

ਸੰਨ ਫ਼ਰਿਆਦ ਸੱਸੀ ਵਿਚ ਦਿਲ ਦੇ, ਅਕਲ ਖ਼ਿਆਲ ਵਿਚਾਰੇ
ਕੌਣ ਕਮੀਨੇ ਐਡ ਦਲੇਰੀ, ਕਰਨ ਬਲੋਚ ਨਕਾਰੇ
ਸ਼ਾਇਦ ਹੋਤ ਪੁਨੂੰ ਵਿਚ ਹੋਸੀ, ਤਾਂ ਉਹ ਕਰਨ ਪਸਾਰੇ
ਹਾਸ਼ਿਮ ਚਾਹੁਣ ਐਡ ਫ਼ਜ਼ੋਲੀ, ਕੌਣ ਗ਼ਰੀਬ ਵਿਚਾਰੇ

ਸੱਸੀ ਨਾਲ਼ ਸੱਈਆਂ ਕਰ ਮਸਲਹਤ, ਬਾਗ਼ ਬੰਨੇ ਚੱਲ ਆਈ
ਹਰ ਹਰ ਦੇ ਹੱਥ ਸ਼ਾਖ਼ ਚਨਾਰੀ, ਤੇਗ਼ ਮਿਸਾਲ ਸਫ਼ਾਈ
ਉਮਰ ਅਵਾਇਲ ਮਾਨ ਹੁਸਨ ਦਾ, ਜਾ ਪਈਆਂ ਕਰ ਧਾਈ
ਹਾਸ਼ਿਮ ਮਾਰ ਪਈ ਕਰਵਾਨਾਂ, ਵਿਹਣ ਬਲੋਚ ਦੁਹਾਈ