ਸੱਸੀ ਪੰਨੂੰ

ਸਫ਼ਾ 19

ਭਾਰ ਲੱਦਾ ਚਲੇ ਕਰਵਾਣੀ, ਕੀਚਮ ਦਾ ਸਵੇਰੇ
ਆਖ ਰਹੇ ਚੱਲ ਹੋਤ ਪੁਨੂੰ ਨੂੰ, ਜੋੜਨ ਦਸਤ ਬਥੇਰੇ
ਹੋ ਲਾਚਾਰ ਚਲੇ ਕਰਵਾਣੀ, ਤੋਰ ਦਿੱਤੂ ਨੇਂ ਡੇਰੇ
ਹਾਸ਼ਿਮ ਇਸ਼ਕ ਜਿਨ੍ਹਾਂ ਦਿਲ ਵਸਿਆ, ਕੌਣ ਤਿਨ੍ਹਾਂ ਦਿਲ ਫੇਰੇ

ਕੀਚਮ ਆ ਕਿਹਾ ਕਰਵਾਣਾ, ਬਾਤ ਜਿਵੇਂ ਕੁੱਝ ਹੋਈ
ਹੋਤ ਅਸੀਰ ਸੱਸੀ ਦਿਲ ਕੀਤਾ, ਜ਼ੁਲਫ਼ ਕਿਨੂੰ ਘੱਤ ਫਾਹੀ
ਆਉਣ ਜਾਣ ਨਾ ਯਾਦ ਪੁਨੂੰ ਨੂੰ, ਇਸ਼ਕ ਦਿੱਤੀ ਬਦ ਰਾਹੀ
ਹਾਸ਼ਿਮ ਹਾਲ ਸੁਣਾ ਬਲੋਚਾਂ, ਤੇਗ਼ ਪਿਓ ਤਣ ਵਾਹੀ

ਹੋਤ ਅਲੀ ਦਿਨ ਰੋਵਣ ਵਿਹਾਵੇ, ਹੋਸ਼ ਆਰਾਮ ਨਾ ਤਿਸ ਨੂੰ
ਮੌਤ ਭਲੀ ਮਰਜਾਨ ਚੰਗੇਰਾ, ਆਨ ਬਣੇ ਦੁੱਖ ਜਿਸ ਨੂੰ
ਕੀਚਮ ਨਾਰ ਜਹੰਨਮ ਕੋਲੋਂ, ਤੇਜ਼ ਹੋਇਆ ਤਪ ਤਿਸ ਨੂੰ
ਹਾਸ਼ਿਮ ਵਾਂਗ ਯਾਕੂਬ ਪੈਗ਼ੰਬਰ, ਹਾਲ ਸੁਣਾਵੇ ਕਿਸ ਨੂੰ

ਕੀਚਮ ਲੋਕ ਫ਼ਿਰਾਕ ਪੁਨੂੰ ਦੇ, ਰੋ ਰੋ ਹੋਣ ਦੀਵਾਨੇ
ਯੂਸੁਫ਼ ਵੇਚ ਆਏ ਕਰਵਾਣੀ, ਹਰ ਇਕ ਵਿਰਦ ਜ਼ੁਬਾਨੇ
ਪੱਟ ਪਿੱਟ ਵਾਲ਼ ਸੁੱਟਣ ਵਿਚ ਗਲੀਆਂ, ਮਜਲਿਸ ਸੋਜ਼ ਜ਼ਨਾਨੇ
ਹਾਸ਼ਿਮ ਫੇਰ ਪੁਨੂੰ ਰੱਬ ਲਿਆਵੇ, ਸਹੀ ਸਲਾਮਤ ਖ਼ਾਨੇ