ਸੱਸੀ ਪੰਨੂੰ

ਸਫ਼ਾ 2

ਸ਼ਹਿਰ ਭਨਭੋਰ ਮਕਾਨ ਆਲਾ, ਬਾਗ਼ ਬਹਿਸ਼ਤ ਬਣਾਇਆ
ਫ਼ਰਸ਼ ਫ਼ਰੋਸ਼ ਗਿੱਲ ਬੂਟਾ, ਹਰ ਇਕ ਜ਼ਾਤ ਲਗਾਇਆ
ਨਦੀਆਂ ਹੌਜ਼ ਤਾਲਾਬ ਚੋਤਰਫ਼ੀਂ, ਰਲ਼ ਮਿਲ ਖ਼ੂਬ ਸੁਹਾਇਆ
ਹਾਸ਼ਿਮ ਰੂਹ ਰਹੇ ਵਿਚ ਫਸਿਆ, ਦਾਮ ਫ਼ਰੇਬ ਵਿਛਾਇਆ

ਅਮੀਰ ਵਜ਼ੀਰ ਗ਼ੁਲਾਮ ਕਰੋੜਾਂ, ਲਸ਼ਕਰ ਫ਼ੌਜ ਖ਼ਜ਼ਾਨੇ
ਬੈਰਕ ਸੁਰਖ਼ ਨਿਸ਼ਾਨ ਹਜ਼ਾਰਾਂ, ਸ਼ਾਮ ਘੁੱਟਾਂ ਸਮਿਆਨੇ
ਖਾਵਣ ਖ਼ੈਰ ਫ਼ਕੀਰ ਮੁਸਾਫ਼ਰ, ਸਾਹਿਬ ਹੋਸ਼ ਦੀਵਾਨੇ
ਹਾਸ਼ਿਮ ਏਸ ਗ਼ਮੀਂ ਵਿਚ ਆਜ਼ਿਜ਼, ਹੋਵਸ ਔਲਾਦ ਨਾ ਜਾਣੇ

ਖ਼ਵਾਹਿਸ਼ ਏਸ ਔਲਾਦ ਹਮੇਸ਼ਾ, ਪੀਰ ਫ਼ਕੀਰ ਮਨਾਵੇ
ਦੇ ਲਿਬਾਸ ਪੋਸ਼ਾਕ ਬਰਹਨਿਆਂ, ਭੁੱਖੀਆਂ ਤਆਮ ਖਿਲਾਵੇ
ਵੇਖ ਉਜਾੜ ਮੁਸਾਫ਼ਰ ਕਾਰਨ, ਨਾਲ਼ ਸਰਾਏ ਲੁਆਵੇ
ਹਾਸ਼ਿਮ ਕ੍ਰਿਸ ਜਹਾਨ ਦੁਆਏਂ, ਆਮਲ ਸਾਈਂ ਵਰ ਲਿਆਵੇ

ਦਰ ਯਤੀਮ ਸਦਫ਼ ਵਿਚ ਆਹਾ, ਸਣੇ ਪੁਕਾਰ ਦਿਲਾਂ ਦੀ
ਫੇਰੀ ਬਹਾਰ ਸ਼ਗੂਫ਼ੇ ਵਾਲੀ, ਹੋ ਉਮੀਦ ਗੱਲਾਂ ਦੀ
ਛੇਜ ਮਾਕੂਲ ਹੋਈ ਅਬਰੀਸ਼ਮ, ਆਹੀ ਸਖ਼ਤ ਸੋਲਾਂ ਦੀ
ਹਾਸ਼ਿਮ ਵੇਖ ਹੋਤੇ ਗੱਲ ਲਾਲਾ, ਹੋਗ ਬਹਾਰ ਫੁੱਲਾਂ ਦੀ