ਸੱਸੀ ਪੰਨੂੰ

ਸਫ਼ਾ 25

ਚਮਕੀ ਆਨ ਦੁਪਹਿਰਾਂ ਵੇਲੇ, ਗਰਮੀ ਗਰਮ ਬਹਾਰੇ
ਤਪਦੀ ਵਾ ਵਗੇ ਅਸਮਾਨੇ, ਪੰਛੀ ਮਾਰ ਉਤਾਰੇ
ਆਤਿਸ਼ ਦਾ ਦਰਿਆ ਖਲੋਤਾ, ਥਲ ਮਾਰੋ ਵੱਲ ਸਾਰੇ
ਹਾਸ਼ਿਮ ਫੇਰ ਪਿਛਾਂ ਨਾ ਮੁੜਦੀ, ਲੂਂ ਲੂਂ ਬਹੁਤ ਪੁਕਾਰੇ

ਨਾਜ਼ੁਕ ਪੈਰ ਮਲੂਕ ਸੱਸੀ ਦੇ, ਮਹਿੰਦੀ ਨਾਲ਼ ਸਿੰਗਾਰੇ
ਆਸ਼ਿਕ ਵੇਖ ਬਹੇ ਇਕ ਵਾਰੀ, ਜੀ ਤਿਨ੍ਹਾਂ ਪਰ ਵਾਰੇ
ਬਾਲੂ ਰੇਤ ਤਪੇ ਵਿਚ ਤਿੜਕਣ, ਭੰਨਣ ਜੌਂ ਭਠਿਆਰੇ
ਹਾਸ਼ਿਮ ਵੇਖ ਯਕੀਨ ਸੱਸੀ ਦਾ, ਫੇਰ ਨਹੀਂ ਦਿਲ ਹਾਰੇ

ਦਿਲ ਵਿਚ ਤਪਸ਼ ਥਲਾਂ ਦੀ, ਗਰਮੀ ਆਨ ਫ਼ਿਰਾਕ ਰਨਜਾਨੀ
ਫੜ ਫੜ ਡਾਢ ਕਰੇ ਹਠ ਦਿਲ ਦਾ, ਪਰ ਜਦ ਬਹੁਤ ਵਹਾਨੀ
ਕਚਰਕ ਨੈਣ ਕਰਨ ਦਿਲਬਰੀਆਂ, ਚੋਹਨ ਲਬਾਂ ਪਰ ਪਾਣੀ
ਹਾਸ਼ਿਮ ਯਾਦ ਭਨਭੋਰ ਪਿਓ ਸੌ, ਟੁੱਟ ਗਿਆ ਮਾਣ ਨਿਮਾਣੀ

ਜੇ ਜਾਨਾਂ ਛੱਡ ਜਾਹਨ ਸੁੱਤੀ ਨੂੰ, ਇਕ ਪਲਕ ਨਾ ਝਮਕਾਂ
ਗਰਦ ਹੋਈ ਵਿਚ ਗਰਦ ਥਲਾਂ ਦੀ, ਵਾਂਗ ਜਵਾਹਰ ਦਮਕਾਂ
ਜਲ਼ ਵਾਂਗੂੰ ਰਲ਼ ਦੇਹਨ ਦਿਖਾਲੀ, ਥਲ ਮਾਰੋ ਦਿਆਂ ਚਮਕਾਂ
ਹਾਸ਼ਿਮ ਕੌਣ ਸੱਸੀ ਬਣ ਵੇਖੇ, ਏਸ ਇਸ਼ਕ ਦੀਆਂ ਦਮਕਾਂ