ਸੱਸੀ ਪੰਨੂੰ

ਸਫ਼ਾ 28

ਓੜਕ ਵਕਤ ਕਹਿਰ ਦੀਆਂ ਕੂਕਾਂ, ਸਨ ਪੱਥਰ ਢਿੱਲ ਜਾਏ
ਜਿਸ ਉਸ ਊਠ ਪੁਨੂੰ ਨੂੰ ਖਿੜਿਆ, ਮਰ ਦੋਜ਼ਖ਼ ਵੱਲ ਜਾਏ
ਯਾ ਉਸ ਨੀਰ ਲੱਗੇ ਵਿਚ ਬਿਰਹੋਂ, ਵਾਂਗ ਸੱਸੀ ਜਲ਼ ਜਾਏ
ਹਾਸ਼ਿਮ ਮੌਤ ਪਵੇ ਕਰਹਾਂ ਨੂੰ, ਤੁਖ਼ਮ ਜ਼ਮੀਨੋਂ ਜਾਏ

ਫਿਰ ਮੁੜ ਸਮਝ ਕਰੇ ਲੱਖ ਤੌਬਾ, ਬਹੁਤ ਬੇ ਅਦਬੀ ਹੋਈ
ਜਿਸ ਪਰ ਯਾਰ ਕਰੇ ਅਸਵਾਰੀ, ਤਸਦੇ ਜੈਡ ਨਾ ਕੋਈ
ਕੁੱਝ ਮੈਂ ਵਾਂਗ ਨਿਕਰਮਣ ਨਾਹੀਂ, ਕੱਤ ਵੱਲ ਮਿਲੇ ਨਾ ਢੋਈ
ਹਾਸ਼ਿਮ ਕੌਂਤ ਮਿਲੇ ਹੱਸ ਜਿਸ ਨੂੰ, ਜਾਣ ਸੁਹਾਗਣ ਸੋਈ

ਸਿਰ ਧਰ ਖੋਜ ਅਤੇ ਗ਼ਸ਼ ਆਇਆ, ਮੌਤ ਸੱਸੀ ਦੀ ਆਈ
ਖ਼ੁਸ਼ ਰਹੋ ਯਾਰ ਅਸਾਂ ਤੁਧ, ਕਾਰਨ ਥਲ ਵਿਚ ਜਾਨ ਗਵਾਈ
ਗਰਮੀ ਸਾੜ ਗਈ ਦਮ ਉਕਿਸੇ, ਤਣ ਥੋਂ ਜਾਨ ਸੁਧਾਈ
ਹਾਸ਼ਿਮ ਕਰ ਲੱਖ ਲੱਖ ਸ਼ੁਕਰਾਨੇ, ਇਸ਼ਕ ਵੱਲੋਂ ਰਹਿ ਆਈ

ਕਰਕੇ ਧਿਆਣ ਇਆਲ਼ੀ ਦਿਲ ਵਿਚ, ਸੋਚ ਕਰੇ ਇਸ ਗੱਲ ਦੀ
ਕਦ ਇਸਰਾਰ ਰਿਹਾ ਡਿੱਗ ਐਂਵੇਂ, ਫੇਰ ਨਹੀਂ ਮੁੜ ਹਲਦੀ
ਮੱਤ ਕੋਈ ਨਾਰ ਰਾਹੀ ਮਰ ਪਿਆ ਰਾਹ ਥਲਾਂ ਨੂੰ ਚੱਲਦੀ
ਹਾਸ਼ਿਮ ਚੱਲ ਵੇਖਾਂ ਕੀ ਡਰਨਾ, ਹੋਵਣ ਹਾਰ ਨਾ ਟਲਦੀ