ਸੱਸੀ ਪੰਨੂੰ

ਸਫ਼ਾ 29

ਉਜੜ ਛੋੜ ਸੱਸੀ ਵੱਲ ਟੁਰਿਆ, ਦਿਲ ਡਰਦੇ ਪੱਗ ਧਿਰ ਦਾ
ਸੂਰਤ ਵੇਖ ਅਹਿਵਾਲ ਸੱਸੀ ਦਾ, ਚੜ੍ਹੀਵਸ ਜੋਸ਼ ਕਹਿਰ ਦਾ
ਦਿਲ ਤੋਂ ਸ਼ੌਕ ਗਿਆ ਅੱਠ ਸਾਰਾ, ਮਾਲ ਧੀਆਂ ਪੁੱਤ ਘਰ ਦਾ
ਹਾਸ਼ਿਮ ਜਾਣ ਦਿਲੋਂ ਜੱਗ ਫ਼ਾਨੀ, ਵੇਖ ਫ਼ਕੀਰੀ ਫੜਦਾ

ਥਲ ਵਿਚ ਗੋਰ ਸੱਸੀ ਦੀ ਕਰਕੇ, ਵਾਂਗ ਯਤੀਮ ਨਿਮਾਣੇ
ਗੱਲ ਕਫ਼ਨੀ ਸਿਰ ਪਾ ਬਰਹਨਾ, ਬੈਠਾ ਗੋਰ ਸਿਰਹਾਣੇ
ਇਕ ਗਲ ਜਾਣ ਲਈ ਜੱਗ ਫ਼ਾਨੀ, ਹੋਰ ਕਲਾਮ ਨਾ ਜਾਣੇ
ਹਾਸ਼ਿਮ ਖ਼ਾਸ ਫ਼ਕੀਰੀ ਇਹੋ, ਪਰ ਇਹੋ ਕੌਣ ਪਛਾਣੇ

ਉੜਿਆ ਰੂਹ ਸੱਸੀ ਦੇ ਤਿੰਨ ਥੀਂ, ਫੇਰ ਪੁਨੂੰ ਵੱਲ ਆਇਆ
ਮੁਹਮਲ ਮਸਤ ਬੇਹੋਸ਼ ਪੁਨੂੰ ਨੂੰ, ਸੁਫ਼ਨੇ ਜਾ ਜਗਾਇਆ
ਲੈ ਹਨ ਯਾਰ ਅਸਾਂ ਸੰਗ ਤੇਰੇ, ਕੁਲ ਕਰਾਰ ਨਿਭਾਇਆ
ਹਾਸ਼ਿਮ ਰਹੀ ਸੱਸੀ ਵਿਚ ਥਲ ਦੇ, ਮੈਂ ਰੁਖ਼ਸਤ ਲੈ ਆਇਆ

ਅਟਕੀ ਨੀਂਦ ਪੁਨੂੰ ਉੱਠ ਬੈਠਾ, ਜਲਦੀ ਵਿਚ ਕਚਾਵੇ
ਨਾ ਉਹ ਸ਼ਹਿਰ ਭਨਭੋਰ ਪਿਆਰਾ, ਨਾ ਉਹ ਮਹਿਲ ਸੁਹਾਵੇ
ਅਚਾਨਕ ਚਮਕ ਲੱਗੀ ਸ਼ਹਿਜ਼ਾਦੇ, ਕੁੱਝ ਸਿਰ ਪੈਰ ਨਾ ਆਵੇ
ਹਾਸ਼ਿਮ ਜਾਗ ਲਈ ਮੁੜ ਕਿਹਾ, ਆਸ਼ਿਕ ਚੇਨ ਵਿਹਾਵੇ