ਸੱਸੀ ਪੰਨੂੰ

ਸਫ਼ਾ 8

ਅਤੇ ਖ਼ੂਬ ਕੀਤੀ ਜਿੰਦ ਬਾਜ਼ੀ, ਲਿਆ ਸੰਦੂਕ ਕਿਨਾਰੇ
ਸ਼ਾਦ ਹੋਇਆ ਦਿਲ ਜ਼ਾਤ ਖ਼ੁਦਾਵੰਦ, ਨੇਅਮਤ ਸ਼ੁਕਰ ਗੁਜ਼ਾਰੇ
ਦਰਿਆ ਸ਼ਹਿਰ ਮੁਬਾਰਕ ਦੇਵਨ, ਰਲ਼ ਮਿਲ ਯਾਰ ਪਿਆਰੇ
ਹਾਸ਼ਿਮ ਮਾਲ ਲਿਆ ਹੋਰ ਦੂਜਾ, ਹੋਇਆ ਸਵਾਬ ਬੇਚਾਰੇ

ਖੁੱਲਾ ਆਨ ਨਸੀਬ ਅਤੇ ਦਾ, ਕਰਮ ਭਲੇ ਦਿਨ ਆਏ
ਜੜਤ ਜੜ੍ਹ ਮਹਿਲੀਂ ਕੀਤੇ, ਸ਼ੌਕਤ ਸ਼ਾਨ ਵਟਾਏ
ਖ਼ਿਦਮਤਗਾਰ ਗ਼ੁਲਾਮ ਸੱਸੀ ਦੇ, ਨੌਕਰ ਚਾ ਰਖਵਾਏ
ਹਾਸ਼ਿਮ ਬਾਗ਼ ਸਕੇ ਰੱਬ ਚਾਹਾ, ਪਲ ਵਿਚ ਚਾ ਸਹਾਏ

ਸੱਸੀ ਹੋਈ ਜਵਾਨ ਸਿਆਣੀ, ਸੂਰਜ ਜੋਤ ਸਵਾਈ
ਸਾਹਿਬ ਇਲਮ ਹਯਾ ਹਲੀਮੀ, ਅਕਲ ਹੁਨਰ ਚਤੁਰਾਈ
ਮਾਂ ਪਿਓ ਵੇਖ ਕਾਰੀਗਰ ਕੋਈ, ਚਾਹੁਣ ਕੀਤੀ ਕੁੜਮਾਈ
ਹਾਸ਼ਿਮ ਸਣੇ ਸੱਸੀ ਮਸਲਾ ਹਿੱਤ, ਗ਼ੈਰਤ ਹਵਸ ਸਵਾਈ

ਬਣ ਬਣ ਪੰਚ ਪੰਚਾਇਤ ਧੋਬੀ, ਪਾਸ ਅਤੇ ਦੇ ਆਉਣ
ਕਰ ਤਮਸੀਲ ਵਹਾਰ ਜਗਤ ਦਾ, ਬਾਤ ਹਮੇਸ਼ ਚਲਾਉਣ
ਧੀਆਂ ਸੋਹਣ ਨਹੀਂ ਘਰ ਮਾਪਿਆਂ, ਜੇ ਲੱਖ ਰਾਜ ਕਮਾਵਣ
ਹਾਸ਼ਿਮ ਵਾਂਗ ਬੁਝਾ ਵਿੱਤ ਧੋਬੀ, ਬਾਤ ਸੱਸੀ ਵੱਲ ਲਿਆਉਣ