ਸੱਸੀ ਪੰਨੂੰ

ਸਫ਼ਾ 21

ਮਸਤ ਬੇਹੋਸ਼ ਹੋਇਆ ਸ਼ਹਿਜ਼ਾਦਾ, ਰਿਹਾ ਸਵਾਲ ਜਵਾਬੋਂ
ਇਕ ਨਿੰਦਰ ਗਿੱਲ ਬਾਂਹ ਸੱਸੀ ਦੀ ਡਿੱਗਿਆ ਹੋਰ ਸ਼ਰਾਬੋਂ
ਆਸ਼ਿਕ ਹੋਵਣ ਤੇ ਸੁਖ ਪਾਵਨ, ਇਹ ਗੱਲ ਦੂਰ ਹਿਸਾਬੋਂ
ਹਾਸ਼ਿਮ ਜਨ ਕਣ ਰਾਹ ਇਸ਼ਕ ਦੀ, ਕਾਜ ਗਵਾਇਆ ਖ਼ਵਾਬੋਂ

ਨਸਫ਼ੋਂ ਰਾਤ ਗਈ ਕਰਵਾਨਾਂ, ਕਰਹਾਂ ਤੰਗ ਕਸਾਏ
ਮੁਹਮਲ ਮਸਤ ਬੇਹੋਸ਼ ਪੁਨੂੰ, ਲੈ ਸ਼ਹਿਰ ਭਨਭੋਰੋਂ ਧਾਏ
ਕਠਨ, ਕਠੋਰ, ਬੇਤਰਸ, ਕਕਰਮੇ ਯਾਰ ਵਿਛੋੜ ਲਿਆਏ
ਹਾਸ਼ਿਮ ਰੌਣ ਕਲਾਉਣ ਵਾਲੇ, ਫੇਰ ਸੱਸੀ ਦਿਨ ਆਏ

ਨਿਬੜੀ ਰਾਤ ਹੋਇਆ ਦਿਨ ਰੌਸ਼ਨ, ਆਨ ਚਿੜੀ ਚਚਲਾਨੀ
ਸੂਰਜ ਜਾਣ ਨਹੀਂ ਉਹ ਜਲ਼ ਦੀ ਵੇਖ ਚਿਖ਼ਾ ਆਸਮਾਨੀ
ਖ਼ਾਤਿਰ ਕਰਨ ਕਬਾਬ ਸੱਸੀ ਦੇ, ਮਾਰ ਜੁਦਾਈ ਕਾਣੀ
ਹਾਸ਼ਿਮ ਆਨ ਬਣੇ ਜਿਸ ਜਾਣੇ, ਕੀ ਗੱਲ ਕਰਨ ਜ਼ਬਾਨੀ

ਨੈਣ ਉਘਾੜ ਸੱਸੀ ਜਦ ਵੇਖੇ, ਜਾਗ ਲਈ ਸਿੱਧ ਆਈ
ਨਾ ਉਹ ਊਠ ਨਾ ਊਠਾਂ ਵਾਲੇ, ਨਾ ਉਹ ਜਾਮ ਸੁਰਾਹੀ
ਵਾਹਦ ਜਾਣ ਪਈ ਉਹ ਨਾਹੀਂ, ਨਾਲ਼ ਪਈ ਜਿਸ ਆਹੀ
ਹਾਸ਼ਿਮ ਤੋੜ ਸਿੰਗਾਰ ਸੱਸੀ ਨੇ, ਖ਼ਾਕ ਲਈ ਸਿਰ ਪਾਈ