ਸੱਸੀ ਪੰਨੂੰ

ਸਫ਼ਾ 3

ਸੱਸੀ ਜਨਮ ਲਿਆ ਸ਼ਬ ਕਿਦਰੇ, ਮਿਸਲ ਹਿਲਾਲ ਦਰਖ਼ਸ਼ਾਂ
ਵੇਖ ਬੇ ਆਬ ਹੋਵਣ ਨਗ ਮੋਤੀ, ਮਾਣਕ ਲਾਅਲ ਬਦਖ਼ਸ਼ਾਂ
ਅਕਲ ਖ਼ਿਆਲ ਕਿਆ ਸੌਂ ਬਾਹਰ, ਨਜ਼ਰ ਕਰੇ ਵੱਲ ਨਕਸ਼ਾਂ
ਹਾਸ਼ਿਮ ਆਖ ਤਾਰੀਫ਼ ਹਸਨ ਦੀ, ਸ਼ਮਸ ਮਿਸਾਲ ਜ਼ਰ ਅਫ਼ਸ਼ਾਂ

ਜਮਲ ਜਹਾਨ ਹੋਏ ਖ਼ੁਸ਼ਹਾਲ, ਫਿਰਿਆ ਨੇਕ ਜ਼ਮਾਨਾ
ਨੌਬਤ ਨਾਚ ਸ਼ੁਮਾਰ ਨਾ ਕੋਈ, ਧਿਰ ਪੁੱਤ ਨਾਲ਼ ਖ਼ਜ਼ਾਨਾ
ਕਰ ਸਰਵਾਰ ਸੁੱਟਣ ਜ਼ਰ ਸੁਣਾ, ਹੋਰ ਜਵਾਹਰ ਖ਼ਜ਼ਾਨਾ
ਹਾਸ਼ਿਮ ਖ਼ੈਰ ਕੀਤਾ ਫ਼ਕ਼ਰ ਅਵਾਂ, ਮੁਲਕ ਮੁਆਸ਼ ਖ਼ਜ਼ਾਨਾ

ਅਹਿਲ ਨਜੂਮ ਸੱਦੇ ਉਸ ਵੇਲੇ, ਹਿਫ਼ਜ਼ ਤੌਰੈਤ ਜ਼ਬਾਨੀ
ਸਾਹਿਬ ਯਮਨ ਕਰਾਮਤ ਵਾਲੇ, ਖ਼ਬਰ ਦੇਣ ਆਸਮਾਨੀ
ਵੇਖਣ ਉਮਰ ਨਸੀਬ ਦਾ, ਖੋਲ੍ਹ ਕਲਾਮ ਰੱਬਾਨੀ
ਹਾਸ਼ਿਮ ਭਾਰ ਸੱਸੀ ਸਿਰ ਡਾਢਾ ਹਵਸ ਸ਼ਿਤਾਬ ਅਸਾਨੀ

ਵੇਖ ਨਜੂਮ ਕਿਤਾਬ ਨਜੂਮੀ, ਹੋ ਰਹੇ ਚੁੱਪ ਸਾਰੇ
ਜ਼ਾਲਮ ਹੁਕਮ ਸਹਿਮ ਸੁਲਤਾਨਾਂ, ਕੌਣ ਕੋਈ ਦਮ ਮਾਰੇ
ਬਾਦਸ਼ਾਹਾਂ ਸੱਚ ਆਖਣ ਔਖਾ, ਹੋਏ ਲਾਚਾਰ ਬੇਚਾਰੇ
ਹਾਸ਼ਿਮ ਬਖ਼ਤ ਬਖ਼ੀਲ ਸੱਸੀ ਦੇ, ਕੌਣ ਜਿੱਤੇ ਕੌਣ ਹਾਰੇ