ਸੱਸੀ ਪੰਨੂੰ

ਸਫ਼ਾ 31

ਸਿਟੀ ਹੋਤ ਮੁਹਾਰ ਸੱਸੀ ਵੱਲ, ਛੱਡ ਭਾਈ ਦੁਖਦਾਈ
ਮਿਲਸਾਂ ਜਾ ਇਕ ਵਾਰ ਜਾਣ ਥੋਂ, ਜੇ ਰੱਬ ਗਿੱਲ ਛੁਡਾਈ
ਝਬ ਸੁੱਟ ਪੈਰ ਸੱਸੀ ਵੱਲ ਕਰਹਾਂ, ਵਕਤ ਇਹੋ ਹੁਣ ਭਾਈ
ਹਾਸ਼ਿਮ ਦੁੱਧ ਮਲੀਦਾ ਦੇਸਾਂ, ਕਰਸਾਂ ਟਹਿਲ ਸਵਾਈ

ਸ਼ਾਬਾਸ਼ ਇਸ ਕਰਨੀ ਦੀ ਤੁਰਨੀ, ਤੇਜ਼ ਧਰੇ ਪੱਗ ਤੀਰੋਂ
ਪਹੁਤਾ ਜਾ ਸੱਸੀ ਦੇ ਕਬਰੇ, ਆਕਿਲ ਸ਼ੁਤਰ ਵਜ਼ੀਰੋਂ
ਤਾਜ਼ੀ ਗੋਰ ਡਿੱਠੀ ਸ਼ਹਿਜ਼ਾਦੇ, ਪੁੱਛਿਆ ਇਸ ਫ਼ਕੀਰੋਂ
ਹਾਸ਼ਿਮ ਕੌਣ ਬਜ਼ੁਰਗ ਸਮਾਇਆ, ਵਾਕਫ਼ ਕਰ ਏਸ ਪੈਰੋਂ

ਆਖੀ ਉਸ ਫ਼ਕੀਰ ਨਿਮਾਣੇ, ਖੋਲ੍ਹ ਹਕੀਕਤ ਸਾਰੀ
ਆਹੀ ਨਾਰ ਪੁਰੀ ਦੀ ਸੂਰਤ, ਗਰਮੀ ਮਾਰ ਉਤਾਰੀ
ਜਪਦੀ ਨਾਮ ਪੁਨੂੰ ਦਾ ਆਹੀ, ਦਰਦ ਇਸ਼ਕ ਦੀ ਮਾਰੀ
ਹਾਸ਼ਿਮ ਥਾਂ ਮਕਾਨ ਨਾ ਜਾਣਾ, ਆਹੀ ਕੌਣ ਬੀਚਾਰੀ

ਸੰਨ ਕੇ ਹੋਤ ਜ਼ਮੀਨ ਪਰ ਡਿੱਗਿਆ, ਲੱਗੀ ਕਲੇਜੇ ਕਾਣੀ
ਖੁੱਲੀ ਗੋਰ ਪਿਆ ਵਿਚ ਕਬਰੇ, ਹੋਤ ਅਲੀ ਦਿਲ ਜਾਣੀ
ਖ਼ਾਤਿਰ ਇਸ਼ਕ ਗਏ ਰਲ਼ ਮਾਟੀ, ਇਕ ਥੀ ਖ਼ਾਕ ਸਮਾਣੀ
ਹਾਸ਼ਿਮ ਇਸ਼ਕ ਬਲੋਚ ਸੱਸੀ ਦਾ, ਜੁਗ ਜੁਗ ਰਹੇ ਕਹਾਣੀ