ਪਰਛਾਵੇਂ ਦੀ ਵੰਡ

ਖਾਲ਼ਿਓਂ ਪਾਰ ਦੇ ਪਾਣੀ ਵਾਰੇ, ਮੈਥੋਂ ਝਾੜਾ ਲੈਂਦੀਆਂ ਪੁੱਛਿਆ
"ਵੇਖਣਾ --- ਤੁਹਾਡੇ ਕੋਲ਼ ਕੋਈ ਜੜ ਪਕੜਨ ਵਾਲਾ ਬੂਟਾ ਤੇ ਨਹੀਂ?"
ਮੈਂ ਕੀ ਦੱਸਾਂ।।।
ਜੜ੍ਹ ਫੜਨੇ, ਬੂਟੇ ਨੂੰ ਕੋਈ ਅਗਨ ਤੋਂ ਵੀ ਡੱਕ ਸਕਦਾ ਏ?
ਮੇਰੀ ਜੜ੍ਹ ਵੀ ਅੱਗ ਆਵੇਗੀ ਧਰਤੀ ਮਾਂ ਦੇ ਸੀਨੇ ਚੋਂ।।।
ਮੈਂ ਵੀ ਛਾਵਾਂ ਵੰਡਾਂਗਾ
ਖਾਲ਼ਿਓਂ ਪਾਰ ਤੇ ਹਾਲੇ ਤੀਕ ਉਹ ਰੁੱਖ ਛਾਵਾਂ ਵੰਡਦੇ ਰਹਿੰਦੇ ਨੇਂ
ਜਿਹੜੇ ਮੇਰੀਆਂ ਪੁਰਖਾਂ ਨੇਂ ਹੱਡਾਂ ਨੂੰ ਕਲਮ ਬਣਾ ਕੇ ਆਪੋਂ ਗੱਡੇ ਸਨ
ਜੁੱਸੇ ਦੀ ਰੱਤ ਪਿਆ ਕੇ
ਹੰਝੂਵਾਂ ਦੇ ਪਾਣੀ ਲਾਏ ਸਨ
ਹੁਣ ਉਹ ਕਲਮਾਂ ਪੰਘਰ ਗਿਆਂ ਨੇਂ
ਤਾਹੀਓਂ ਚਾਰ ਚੁਫ਼ੇਰੇ ਠੰਢੀਆਂ ਛਾਵਾਂ ਨੇਂ।।।
ਖਾਲ਼ਿਓਂ ਪਾਰ ਮੇਰੇ ਪੁਰਖਾਂ ਨੇਂ ਜਿਹੜੇ ਬੂਟੇ ਲਾਏ ਸਨ
ਜੜ੍ਹਾਂ ਓਹਨਾਂ ਦੀਆਂ ਅੰਦਰੋਂ ਅੰਦਰੀ ਟੁਰਦਿਆਂ
ਮੇਰੇ ਵਿਹੜੇ ਤੀਕਰ ਆ ਗਿਆਂ ਨੇਂ
ਛਾਵਾਂ ਤੇ ਖ਼ੁਸ਼ਬੂਆਂ ਮੇਰੇ ਸਾਹਵਾਂ ਵਿਚ ਸਮਾ ਗਿਆਂ ਨੇਂ
ਹੁਣ ਉਨ੍ਹਾਂ ਨੂੰ ਅਗਨ ਤੋਂ ਅੱਗੇ ਵਧਣ ਤੋਂ
ਕਿਵੇਂ ਕੋਈ ਡੱਕ ਸਕਦਾ ਏ?
ਵਰ੍ਹਿਆਂ ਦੀ "ਰਲ਼ ਬੀਤੀ" ਚੇਤੇ ਆਉਂਦੀ ਏ
ਮੇਰੀ ਮਨੋ
ਇੱਕ ਦੂਜੇ ਦਾ ਸਾਹ ਨਾ ਡੱਕੋ।।। ਖਿਝ ਦੀਆਂ ਇਹ ਝਾੜਾਂ ਸਾੜੂ
ਸਾਂਭੋ ਵਰਤੋ ਕਲਮ ਪ੍ਰਤੀ ਰੁੱਖਾਂ ਵਾਲੀ।।।

ਪਾਣੀ ਵਾਰਾ ਦੱਸ ਖਾਂ ਮੈਨੂੰ !
ਜਿਹੜੇ ਪੰਛੀ ਚੁੰਝਾਂ ਦੇ ਵਿਚ ਪਿੱਪਲਾਂ ਤੇ ਬੋਹੜਾਂ ਦੇ ਡੋਡੇ
ਲੈ ਕੇ ਉਡਦੇ ਰਹਿੰਦੇ ਨੇਂ।।। ਉਨ੍ਹਾਂ ਨੂੰ ਕਿਵੇਂ ਡੱਕੋਗੇ
ਘੁੱਗੀਆਂ, ਚਿੜੀਆਂ , ਕੂੰਜ, ਕਬੂਤਰ, ਹਰ ਪੰਛੀ ਨੂੰ ਪਾਸਪੋਰਟ ਬਨਵਾਣ ਦਾ ਆਖੋ
ਵੇਖਣਾ ਕਿਧਰੇ ਉਡਦੀਆਂ ਉਡਦੀਆਂ
ਉਹ ਉਸ ਜੂਹ ਵਿਚ ਨਾ ਉਤਰਨ ਜਥੇ ਦਾ ਠੱਪਾ ਨਾ ਹੋਵੇ
ਡੱਕ ਸਕੋ ਤੇ ਵਾਵਾਂ ਨੂੰ ਵੀ ਬਾਰਡਰ ਪਾਰ ਕਰਨ ਤੋਂ ਡੱਕੋ
ਡੱਕੋ ਵਾਵਰੋਲੇ ਡੱਕੋ।।
ਹੂਸਕੇ ਤੇ ਬੱਦਲਾਂ ਨੂੰ ਵੀ ਮੱਤਾਂ ਦੇਵੋ
ਮੀਂਹ ਨੂੰ ਮੋੜੋ।।। ਕਿਤੇ ਪਰਾਈ ਭੋਈਂ ਸੀਨੇ ਠੰਡ ਨਾ ਪਾਵੇ
ਚੰਨ ਵੀ ਅੱਧਾ ਅੱਧਾ ਵਿੰਡੋ
ਤੰਬੂ ਤਾਣ ਕੇ ਤਾਰੇ ਵੱਖਰੇ ਵੱਖਰੇ ਕਰ ਲਇਉ

"ਇਧਰ ਪਾਰ" ਦਾ ਚਾਨਣ "ਉਧਰ ਪਾਰ" ਨਾ ਜਾਵੇ
ਮਿੱਟੀ ਧੂੜ ਨੂੰ ਇਧਰ ਉਧਰ ਹੋਵਣ ਤੋਂ ਡੱਕੋ
ਜੇ ਕਰ ਇਹ ਨਹੀਂ ਹੋ ਸਕਦਾ ਤੇ ਪਾਣੀ ਵਾਰਾ
ਪੁੰਗਰਨ ਵਾਲਿਆਂ ਬੂਟਿਆਂ ਨੂੰ ਰਲ ਪਾਣੀ ਲਾਈਏ, ਪ੍ਰੀਤ ਗੁਲਾਬ ਅਗਾਈਏ
ਤੇਰਾ ਮੇਰਾ ਇੱਕ ਪਰਛਾਵਾਂ, ਇਕੋ ਸਾਹਵਾਂ ਦੀ ਖ਼ੁਸ਼ਬੋਈ
ਇਹ ਪਰ ਛਾਵੇਂ ਵੰਡ ਨਹੀਂ ਹੁੰਦੇ

ਖਾਲ਼ਿਓਂ ਪਾਰ ਮਰੇ ਪੁਰਖਾਂ ਨੇਂ ਜਿਹੜੇ ਬੂਟੇ ਲਾਏ ਸਨ
ਜੜ੍ਹਾਂ ਉਨ੍ਹਾਂ ਦੀਆਂ ਅੰਦਰੋਂ ਟੁਰਦਿਆਂ
ਮੇਰੇ ਵਿਹੜੇ ਤੀਕਰ ਆਗਿਆਂ ਨੇਂ।