ਜਿਉਂਦੀ ਮੋਈ

ਜਿਊਂਦਾ ਰਹੇ ਵੇ ਜੀਣ ਜੋਗਿਆ
ਮੈਥੋਂ ਪਹਿਲਾਂ ਰੋਟੀ ਤੂੰ ਖਾਦੀ
ਮੇਰੇ ਹਿੱਸੇ ਦਾ ਦੁੱਧ ਵੀ ਪੀਤਾ
ਬਾਪੂ ਨਾਲ਼ ਮੇਲੇ ਵੀ ਤੂੰ ਵੇਖੇ
ਤੇਰੀ ਜੁੱਤੀ ਆਉਣ ਤੇ
ਚਾਅ ਮੈਨੂੰ ਚੜ੍ਹਨੇ
ਇਬਾਦਤ ਵਾਂਗੂੰ ਤੇਰੇ ਲੀੜੇ ਧੋਤੇ
ਮਾਂ ਨੇ ਤੇਰਾ ਗ਼ੁੱਸਾ ਵੀ ਮੇਰੇ ਤੇ ਕੱਢਿਆ
ਤੂੰ ਸ਼ਹਿਰ ਪੜ੍ਹਨ ਗਿਓਂ ਤੇ
ਪੂਰਾ ਪੂਰਾ ਹਫ਼ਤਾ ਤੇਰੀ ਰਾਹ ਤੱਕੀ
ਤੈਨੂੰ ਸੱਟ ਲੱਗੀ ਤੇ ਪੀੜ ਮੈਨੂੰ ਹੋਈ
ਤੈਨੂੰ ਘਰ ਮਿਲਿਆ ਤੇ ਮੈਨੂੰ ਦੇਸ ਨਿਕਾਲਾ
ਤੇਰੀਆਂ ਦਮ ਦਮ ਖ਼ੈਰਾਂ ਮੰਗੀਆਂ
ਤੈਨੂੰ ਨਿੱਤ ਨਿੱਤ ਜੀਣ ਦੁਆਵਾਂ ਦਿੱਤੀਆਂ
ਜਿਊਂਦਾ ਰਹੇ ਵੇ
ਜਿਉਂਦੀ ਨੂੰ ਮੋਈ ਲਿਖ਼ਵਾਣ ਵਾਲਿਆ