ਕੀ ਤਿੱਤਰ ਕੀ ਮੋਰ ਨੇ ਸਾਰੇ

ਕੀ ਤਿੱਤਰ ਕੀ ਮੋਰ ਨੇ ਸਾਰੇ
ਖੰਬਾਂ ਪਿੱਛੇ ਚੋਰ ਨੇਂ ਸਾਰੇ

ਢਿੱਡ ਕੁਰਸੀ ਤੇ ਨਾਂ ਤੋਂ ਹੱਟ ਕੇ
ਦੱਸੋ ਕਾਹਦੇ ਸ਼ੋਰ ਨੇ ਸਾਰੇ

ਅਕਲਾਂ ਨਹੀਂ ਘਾਹ ਚਰਨੇ ਛੱਡੇ
ਤਾਂ ਤੇ ਅੱਜ ਵੀ ਢੋਰ ਨੇ ਸਾਰੇ

ਤੂੰ ਏਂ ਖੰਡ ਪਤਾਸਾ ਮਤਲਬ
ਬਾਕੀ ਤੇ ਫ਼ਿਰ ਭੋਰ ਨੇ ਸਾਰੇ

ਜਿੰਨੇ ਵੀ ਨੇ ਜਿਹੜੇ ਵੀ ਨੇ
ਰੰਗ ਹਾਲੇ ਕਮਜ਼ੋਰ ਨੇ ਸਾਰੇ

ਚੜ੍ਹਦਿਓਂ ਲੈ ਕੇ ਲਹਿੰਦੇ ਤੀਕਰ
ਕੰਮ ਈ ਹੋਰ ਦੇ ਹੋਰ ਨੇ ਸਾਰੇ

ਵਧਣਾ ਈ ਸੀ ਕੌੜ ਚੁਫ਼ੇਰੇ
ਗੁੜ ਜੋ ਦਿੱਤੇ ਖੋਰ ਨੇਂ ਸਾਰੇ

ਸਮਝ ਨਹੀਂ ਆਉਂਦੀ ਇਕ ਦੂਜੇ ਦੀ
ਟੁਰਦੇ ਪਏ ਕਿਉਂ ਟੋਰ ਨੇ ਸਾਰੇ

ਨਾਵਾਂ ਦੇ ਈ ਨੇੜ ਨੇ ਸੰਧੂ
ਅੰਦਰੋਂ ਚੰਨ ਚਕੋਰ ਨੇ ਸਾਰੇ