ਮਾਰ ਉਡਾਰੀ ਸੋਚ ਪੰਖੇਰੂ ਅਸਮਾਨਾਂ ਤੱਕ ਜਾਂਦੇ

ਮਾਰ ਉਡਾਰੀ ਸੋਚ ਪੰਖੇਰੂ ਅਸਮਾਨਾਂ ਤੱਕ ਜਾਂਦੇ
ਵੰਨ-ਸੋਨੇ ਮੋਜ਼ੂਅ, ਮਾਰ ਕਲਾਵੇ, ਘੇਰ ਲਿਆਂਦੇ

ਤੀਲਾ-ਤੀਲਾ ਕਰਕੇ ਕੱਠਾ ਹਰਫ਼ ਪਟਾਰੀ ਵਿਚੋਂ,
ਮਸਰੱਈਆਂ ਦੀ ਗਾਨੀ ਵਿਚ ਜੁੜਕੇ ਸੋਹਣੇ ਸ਼ਿਅਰ ਬਣਾਂਦੇ

ਜਿਹਨਾਂ ਲਿਖਿਅਰਾਂ ਨੂੰ ਸ਼ਿਅਰੀ ਸੂਝ ਅਤਾ ਹੋ ਜਾਂਦੀ,
ਸ਼ਿਅਰਾਂ ਅੰਦਰ ਸ਼ਰੀਅਤ ਦਾ ਸੋਹਣਾ ਰੂਪ ਸਜਾਂਦੇ

ਪੂਰਾ ਟੱਲ ਲਾਈਆਂ ਵੀ ਸ਼ਾਇਰੀ ਕੀਤੀ ਜਾ ਨਹੀਂ ਸਕਦੀ,
ਇਸ 'ਤੇ ਖ਼ਾਸ ਕਰਮ ਰੱਬ ਜੀ ਦਾ ਜਿਸਨੂੰ ਸ਼ਿਅਰ ਸਜਾਂਦੇ

ਆਪਣੇ ਤੋਂ ਬਹੁਤੇ ਛੋਟੇ ਨਾਲ਼ ਪਿਆਰ ਕਦੇ ਨਾ ਪਾਈਏ,
ਨਿੱਕੀਆਂ ਉਮਰਾਂ ਵਾਲੇ ਸੱਜਣ ਦਲ ਨੂੰ ਬੜਾ ਸਤਾਂਦੇ

ਬੇਪਰਵਾਹੀਆਂ ਉਹਦੀਆਂ ਸਾਨੂੰ ਬੇ ਪ੍ਰਵਾਹ ਕਰ ਦਿੱਤਾ,
ਪਹਿਲਾਂ ਵਾਂਗ ਅਸੀਂ ਵੀ ਉਹਨੂੰ ਹੁਣ ਨਹੀਂ ਰੋਜ਼ ਬੁਲਾਂਦੇ

ਉਹ ਵੀ ਸ਼ਾਇਰ ਬਣ ਜਾਂਦਾ 'ਤੇ ਕੰਨਾਂ ਚੰਗਾ ਹੁੰਦਾ,
ਸ਼ਿਅਰਾਂ ਦੇ ਵਿਚ ਇਕ-ਦੂਜੇ ਨੂੰ ਦਿਲ ਦਾ ਰੋਗ ਸੁਣਾਂਦੇ

ਕਾਸ਼ 'ਜੁਨੈਦ ਅਕਰਮ' ਜੀ ਉਹਦੇ ਸ਼ਾਇਰੀ ਪੱਲੇ ਪੈਂਦੀ,
ਮੁਸ਼ਕਿਲ ਹੱਲ ਹੋ ਜਾਂਦੀ ਉਹਨੂੰ ਸ਼ਿਅਰਾਂ ਵਿਚ ਮਨਾਂਦੇ