ਅੱਜ ਕੋਈ ਨਜ਼ਮ ਨਾ ਲਿਖੀ ਗਈ

ਅੱਜ ਕੋਈ ਨਜ਼ਮ ਨਾ ਲਿਖੀ ਗਈ
ਨਾ ਦਲ ਨੂੰ ਕੁੱਝ ਹੋਇਆ
ਅੱਜ ਮੈਂ ਥੋੜੀ ਦੇਰ ਲਈ ਹੱਸਿਆ
ਥੋੜੀ ਦੇਰ ਲਈ ਰੋਇਆ
ਅੱਜ ਇਕ ਕੋਲ਼ ਖਲੋਤੇ ਦਿਲ ਦੀ
ਦੂਰੋਂ ਵਾਜ ਏ ਆਈ
ਅੱਜ ਇਕ ਦੂਰ ਖਲੋਤੇ ਦਿਲ ਦੀ
ਵਾਜ ਰਹੀ ਘਬਰਾਈ
ਅੱਜ ਇਕ ਚੰਦਨ ਮੁਸ਼ਕ ਬਦਨ ਨੇ.
ਭੇਦ ਫਰੋਲੇ ਮੇਰੇ
ਅੱਜ ਅੰਬਰਾਂ ਤੱਕ ਦਲ ਨੇ ਲਾ ਲਏ
ਥਾਂ ਥਾਂ ਅਤੇ ਡੇਰੇ
ਅੱਜ ਇਕ ਪੇੜ ਦਾ ਰਸ ਨਿਚੋੜ ਕੇ
ਖੰਡ ਵਿਚ ਘੋਲ਼ ਕੇ ਪੀਤਾ
ਅੱਜ ਤੋਂ ਪਹਿਲਾਂ ਏਸ ਤਰ੍ਹਾਂ ਮੈਂ
ਕਦੀ ਨਹੀਂ ਸੀ ਕੀਤਾ
ਅੱਜ ਇਕ ਯਾਦ ਦੇ ਪਿਛਲੇ ਦੁੱਖ ਨੂੰ
ਚਾਨਣ ਦੇ ਨਾਲ਼ ਧੋਤਾ
ਅੱਜ ਮੈਂ ਕਈ ਵਰ੍ਹਿਆਂ ਦੇ ਬਾਦੋਂ
ਆਪਣੇ ਨਾਲ਼ ਖਲੋਤਾ
ਅੱਜ ਫ਼ਿਰ ਉੱਡਦਾ ਅੰਬਰਾਂ ਦੇ ਵਿਚ
ਸੋਚਦਾ ਪੰਛੀ ਛੋਹਿਆ
ਅੱਜ ਮੈਂ ਮੌਤ ਦੇ ਹੱਥ ਵਿਚ ਬਹਿ ਕੇ
ਮੌਤ ਕੋਲੋਂ ਨਾ ਮੋਇਆ

ਅੱਜ ਕੋਈ ਨਜ਼ਮ ਨਾ ਲਿਖੀ ਗਈ
ਨਾ ਦਲ ਨੂੰ ਕੁੱਝ ਹੋਇਆ
ਅੱਜ ਮੈਂ ਥੋੜੀ ਦੇਰ ਲਈ ਹੱਸਿਆ
ਥੋੜੀ ਦੇਰ ਲਈ ਰੋਇਆ