ਅੱਜ ਵੀ ਮੇਰੇ ਨਾਲ਼ ਕੋਈ ਮੇਰੇ
ਵਿਚੋਂ ਲੜਨ ਲਈ ਆਇਆ

ਥੋੜੀ ਦੇਰ ਹੋਈ ਏ ਉਹਨੂੰ
ਕਿੰਨਾ ਈ ਮੈਂ ਸਮਝਾਇਆ
ਅੱਜ ਵੀ ਹੋਰ ਜਹਾਨ ਦੇ ਮੰਜ਼ਰ
ਏਸ ਜਹਾਂ ਵਿਚ ਦੱਸਣ
ਅੱਜ ਵੀ ਹੋਰ ਕਿਸੇ ਦੇ ਫੁੱਟ ਈ
ਮੇਰੇ ਅੰਦਰ ਰਿਸਣ
ਅੱਜ ਵੀ ਮੈਨੂੰ ਕੱਲ੍ਹ ਦੇ ਵਾਂਗੂੰ
ਆਂਦੀ ਕੱਲ੍ਹ ਦੀ ਪੇ ਗਈ
ਅੱਜ ਵੀ ਜਿਹੜੀ ਕੁਲਕਰਨੀ ਸੀ
ਪਿਛਲੀ ਕੱਲ੍ਹ ਵਾਂਗ ਰਹਿ ਗਈ
ਅੱਜ ਵੀ ਮੇਰੀ ਅੱਖ ਵਿਚ ਡੁਬੇ
ਚੰਨ ਤੇ ਰਹਿ ਗਿਆ ਹਨ੍ਹੇਰਾ
ਅੱਜ ਵੀ ਮੇਰੇ ਸਾਹ ਨੂੰ ਪਾ ਲਿਆ
ਤੇਰੇ ਸਾਹ ਨੇ ਘੇਰਾ
ਅੱਜ ਵੀ ਮੇਰੀ ਨਜ਼ਮ ਨੇ ਮੈਨੂੰ
ਅੰਦਰੋਂ ਤਾਨ੍ਹਾ ਦਿੱਤਾ
ਅੱਜ ਵੀ ਉਹਦੀ ਗੱਲ ਤੇ ਬਹੁਤਾ
ਗ਼ੁੱਸਾ ਮੈਂ ਨਾ ਕੀਤਾ

ਅੱਜ ਵੀ ਆਪਣੇ ਆਪ ਤੋਂ ਜ਼ਹਿਰ
ਉਧਾਰਾ ਲੈ ਕੇ ਪੀਤਾ
ਅੱਜ ਵੀ ਮੇਰੀ ਅੱਖ ਤੇ
ਮੇਰੀਆਂ ਪਲਕਾਂ ਮਾਤਮ ਕੀਤਾ
ਅੱਜ ਵੀ ਆਪਣੇ ਆਪ ਨੂੰ ਆਪਣੇ
ਕੋਲੋਂ ਆਪ ਲੁਕਾਇਆ
ਅੱਜ ਵੀ ਆਪਣੀ ਆਪ ਨੂੰ ਲੱਭਿਆ
ਆਪਣੇ ਆਪ ਨੂੰ ਪਾਇਆ

ਅੱਜ ਵੀ ਮੇਰੇ ਨਾਲ਼ ਕੋਈ ਮੇਰੇ
ਵਿਚੋਂ ਲੜਨ ਲਈ ਆਇਆ