ਨਵਾਂ ਸਾਲ ਤੇ ਮੈਂ

ਜਿੰਦ ਦੇ ਬਨੇਰੇ ਉਤੋਂ
ਵਰ੍ਹਾ ਇਕ ਲੱਥਿਆ
ਇਕ ਵਰ੍ਹਾ ਚੜ੍ਹਿਆ
ਜਾਨ ਵਾਲਾ ਜਾਨ ਵੇਲੇ
ਆਂਦੇ ਨਾਲ਼ ਲੜਿਆ
ਕੋਰਾ ਭਰੀ ਟਹਿਣੀਆਂ ਤੇ
ਇੰਜ ਚੁੱਪ ਸੀਤ ਏ
ਜਿਵੇਂ ਇਕ ਦੂਜੇ ਕੋਲੋਂ
ਰਸ ਜਾਵੇ ਮੀਤ ਏ
ਰਾਤ ਦੇ ਹਨ੍ਹੇਰੀਆਂ ਤੇ
ਕਹਿਰ ਵਾਲਾ ਵੇਲ਼ਾ ਏ
ਇਕ ਨੂੰ ਏ ਜਲਦੀ
ਦੂਜੇ ਲਈ ਕੁਵੇਲਾ ਏ
ਧੁੰਦ ਭਰੀ ਸੜਕਾਂ ਤੇ
ਸੁਲ੍ਹਾ ਸੁਲ੍ਹਾ ਸ਼ੋਰ ਏ
ਹਾਸੇ ਵੀ ਨੇਂ ਮੂੰਹਾਂ ਉੱਤੇ
ਦਿਲ ਵਿਚ ਚੋਰ ਏ
ਸੁਲਹੀ ਸੁਲਹੀ ਚੁੱਪ ਵੀ
ਟਕੋਰ ਕਰੇ ਆਸ ਦੀ
ਪਾਲੇ ਵਿਚ ਫਿਜੀ ਹੋਈ
ਗੱਲ ਕਰੇ ਪਿਆਸ ਦੀ
ਦੂਰ ਕੋਈ ਕਲਾ ਕਿਸੇ
ਧੁੰਦ ਦੇ ਅੰਬਾਰ ਵਿਚ
ਲਫ਼ਜ਼ਾਂ ਦੇ ਨਾਲ਼ ਨਾਲ਼
ਸੋਚਦੀ ਕਤਾਰ ਵਿਚ
ਵਰ੍ਹੇ ਨਾਲ਼ ਚੜ੍ਹ ਕੇ
ਵਰ੍ਹੇ ਦੇ ਬਨੇਰੇ ਤੇ
ਧੁੰਦ ਚ ਲ੍ਹਵੇਟੀ ਹੋਈ
ਰਾਤ ਦੇ ਹਨ੍ਹੇਰੇ ਤੇ
ਚੜ੍ਹ ਕੇ ਬਨੇਰੇ ਅਤੇ
ਤੱਕੇ ਹਰ ਪਾਸੇ ਇੰਜ
ਦੁੱਖ ਵਿਚ ਢੱਕੀ ਦੱਸੇ
ਜਿਵੇਂ ਹਰ ਪਾਸੇ ਜੰਞ
ਖੁੱਲੀ ਹੋਈ ਅੱਖੀਆਂ ਦੇ
ਦੱਸੇ ਕੋਈ ਖ਼ਾਬ ਕੀ
ਵਰ੍ਹੇ ਦਾ ਹਿਸਾਬ ਕੀ
ਸਵਾਲ ਕੀ ਜਵਾਬ ਕੀ