ਮੈਂ ਸੜਕੀਂ ਖਿੜਿਆ ਮੋਤੀਆ

ਮੈਂ ਲੂਣ ਪਹਾੜੀਂ ਜੰਮਿਆ
ਮੈਂਡੇ ਡਾਹਢੇ ਔਖੇ ਰਾਹ
ਮੈਨੂੰ ਕੀਕਰ ਛਾਵਾਂ ਵੰਡੀਆਂ
ਮੈਨੂੰ ਵੱਟੇ ਦੇਣ ਦੁਆ

ਮੈਂ ਸੜਕੀਂ ਖਿੜਿਆ ਮੋਤੀਆ
ਮੈਂ ਕਨਕੀਂ ਸੁੱਤੀ ਭੁੱਖ
ਮੈਂ ਭਾਗਭਰੀ ਦਾ ਬਾਲਕਾ
ਮੈਂਡੇ ਧੀਆਂ ਵਰਗੇ ਦੁੱਖ

ਮੈਂਡੀ ਬੋਲੀ ਕੋਠੀ ਹਾਕਮਾ
ਮੈਂਡੇ ਅੜ ਅੜ ਵੈਂਦੇ ਵੈਣ

ਮੈਂਡੀ ਤਾਕੀ ਅੱਥਰੂ ਕੇਰਦੀ
ਮੈਂਡੇ ਬੂਹੇ ਰੋਂਦੇ ਰਹਿਣ

ਮੈਂ ਹਿਜਰ ਵ ਹਿਜਰੀ ਵੰਡਿਆ
ਮੈਂਡੇ ਵੀੜ੍ਹੇ ਵੀੜ੍ਹੇ ਘਾਹ
ਮੈਂ ਵਸਲੋਂ ਵਿਛੜੀ ਚਾਨਣੀ
ਮੈਂਡੇ ਭਲੀ ਪੇ ਗਏ ਸਾਹ

ਹਵਾਲਾ: ਸੇਜਲ਼, ਸਾਂਝ; ਸਫ਼ਾ 38 ( ਹਵਾਲਾ ਵੇਖੋ )