ਉਹਨੇ ਆਖਿਆ

ਤੁਸਾਂ ਸੰਨ ਸੰਤਾਲ਼ੀ ਦਾ ਉਜਾੜਾ ਨਹੀਂ ਵੇਖਿਆ
ਮਾਰਸ਼ਲ ਲਾ ਦੇ ਲਿੱਤਰ ਵੀ ਨਹੀਂ ਖਾਦੇ
ਤੁਸਾਨਹਾ ਕੀ ਪਤਾ
ਔਖਆਈਆਂ ਕੀ ਹੁੰਦੀਆਂ ਹਨ
ਮਾਰਾਂ ਖਾਣ ਆਲਿਆਂ ਦੇ ਮੁਹਾਂਦਰੇ ਕਿੰਜ ਦੇ ਹੁੰਦੇ ਵਣ
ਮਾਵਾਂ ਦੀਆਂ ਚੁਣੀਆਂ ਤੇ ਪਿਓਵਾਂ ਦਿਆਂ ਦਾੜ੍ਹੀਆਂ
ਕਿਵੇਂ ਧਿਰ ਵਿਕੀਆਂ ਵੇਂਦੀਆਂ ਹਨ

ਤੁਸਾਨਹਾ ਕੀ ਪਤਾ?
ਮਾਰਸ਼ਲ ਲਾ ਦਿਆਂ ਲਿੱਤਰਾਂ ਨਾਲ਼
ਚੰਮ ਲੱਥਦੀ ਏ ਕਿ ਜੁੜੀ ਰਹਿੰਦੀ ਏ

ਉਜਾੜਿਆਂ ਵਿਚ
ਕਿਸ ਦਾ ਰੱਬ ਡਾਹਡਾ ਤੇ ਕੀਂਡਾ ਲਿੱਸਾ ਥੀ ਵੇਂਦਾ ਏ
ਤੇ ਕਿਹੜੇ ਵੇਲੇ
ਕਿਸ ਦੀ ਮਾਂ ਦੀ ਦੁਆ ਕਬੂਲ
ਤੇ ਕੈਂਡੀ ਰੱਦ ਹੋਵੀਂਦੀ ਏ
ਤੁਸਾਨਹਾ ਕੀ ਪਤਾ?

ਹਵਾਲਾ: ਸੇਜਲ਼, ਸਾਂਝ; ਸਫ਼ਾ 112 ( ਹਵਾਲਾ ਵੇਖੋ )