ਸੈਫ਼ਾਲ ਮਲੂਕ

ਬਦਰਾ ਖ਼ਾਤੂਨ ਨਾਲ਼ ਆਹਮਨਾ ਸਾਮਨਾ

ਮਲਿਕਾ ਖ਼ਾਤੋਂ ਬਦਰਾ ਖ਼ਾਤੋਂ, ਨਾਲੇ ਮਾਂ ਉਨ੍ਹਾਂ ਦੀ
ਬਾਹਰ ਉਹਲੇ ਖੁਲ੍ਹੀਆਂ ਤੱਕਣ, ਸੂਰਤ ਖ਼ੂਬ ਦੋਹਾਂ ਦੀ

ਤੱਕ ਤੱਕ ਬਹੁਤ ਤਾਜ਼ੱਬ ਹੋਵਣ, ਜੋਬਨ ਲਹਿਰਾਂ ਚੜ੍ਹੀਆਂ
ਦੂਰੋਂ ਰਹਿ ਨਾ ਸਕੀਆਂ ਓੜਕ, ਤੁਰੀਏ ਅੰਦਰ ਵੜੀਆਂ

ਸ਼ਾਹਜ਼ਾਦੇ ਸਨ ਡਿੱਠੀਆਂ ਹੋਇਆਂ, ਉਹ ਜੋਬਨ ਦੀਆਂ ਲਾਟਾਂ
ਪਰ ਉਸ ਦਲ ਸੀ ਇਸ਼ਕ ਪੁਰੀ ਦਾ, ਮੱਲ ਬੈਠਾ ਸਭ ਵਾਟਾਂ

ਹੋਰ ਕਿਸੇ ਦੀ ਸੂਰਤ ਉਸ ਨੂੰ, ਕੀਕਰ ਸੀ ਦਿਲ ਪੜਦੀ
ਮਿਸਰੀ ਨਾਲ਼ ਹੋਵੇ ਮੂੰਹ ਭਰਿਆ, ਰੀਝ ਰਹੇ ਕਦ ਗੁੜੱਦੀ

ਸਾਇਦ ਦਾ ਦਿਲ ਸ਼ਹਿਰ ਬੇ ਰਾਜਾ, ਨਾ ਹਾ ਅਮਲ ਸ਼ਕਲ ਦਾ
ਜ਼ੂਵਾਲਕਰਨਯਨ ਹੁਸਨ ਦਾ ਚੜ੍ਹਿਆ, ਮਾਰਨ ਕੋਟ ਅਕਲ ਦਾ

ਸ਼ਾਹ ਜ਼ੋਰਾਵਰ ਫ਼ੌਜਾਂ ਵਾਲੇ, ਲੱਗੇ ਮੁਲਕ ਨਾ ਛੱਡਦੇ
ਕਰਨ ਸਨਭਾਲਾ ਪਰਜਾ ਵਾਲਾ, ਓੜਕ ਹਾਲਾ ਕੱਢਦੇ

ਇਸੇ ਸ਼ਹਿਰ ਪੈਦਾਇਸ਼ ਵਾਲੇ, ਵਾਂਗ ਨਗਰ ਕਸ਼ਮੀਰੇ
ਕੀਕਰ ਖ਼ਾਲੀ ਰਹਿਣ ਮੁਹੰਮਦ, ਬਾਝੋਂ ਹੁਕਮ ਅਮੀਰੇ

ਸਾਇਦ ਪਰਤ ਡਿੱਠਾ ਜਿਸ ਵੇਲੇ, ਮਲਿਕਾ ਬਦਰਾ ਤਾਈਂ
ਡਿਠੋਸ ਬਦਰ ਅਗਾਸ ਹੁਸਨ ਦਾ, ਕੇ ਗੱਲ ਆਖ ਸੁਣਾਈਂ

ਬਦਰਾ ਖ਼ਾਤੋਂ ਸੂਰਤ ਐਸੀ, ਲਾਜ਼ਿਮ ਕਰੇ ਬਦਰ ਨੂੰ
ਮੈਂ ਬੇਦਾਗ਼ ਮੈਨੂੰ ਤੱਕ ਤੈਨੂੰ, ਲੱਗਾ ਦਾਗ਼ ਜਿਗਰ ਨੂੰ