ਸੈਫ਼ਾਲ ਮਲੂਕ

ਸ਼ਾਹ ਪਰੀ ਦੀ ਚਿੰਤਾ

ਸ਼ਾਹ ਪਰੀ ਫ਼ੁਰਮਾਂਦੀ ਮਲਿਕਾ, ਪੁੱਛ ਸ਼ਹਿਜ਼ਾਦੇ ਤਾਈਂ
ਦੁਨੀਆਂ ਅਤੇ ਸੂਰਤ ਕਿਹੜੀ, ਇਸ ਮੂਰਤ ਦੀ ਸਾਈਂ

ਕਿਹੜੇ ਸ਼ਹਿਰ ਵਲਾਇਤ ਰਹਿੰਦੀ, ਸੂਰਤ ਉਸ ਦਿਲਬਰ ਦੀ
ਪੁੱਟਿਆ ਜਿਸ ਨੇ ਇਹ ਸ਼ਹਿਜ਼ਾਦਾ, ਰੌਣਕ ਮੁਲਕ ਮਿਸਰ ਦੀ

ਆਓਤਰ ਥੀਂ ਸਨ ਸੂਤਰ ਹੋਏ, ਬਾਬਲ ਮਾਈ ਉਸ ਦੀ
ਸੂਤਰ ਥੀਂ ਮੁੜ ਆਓਤਰ ਕੀਤੇ, ਬੁਰੀ ਜੁਦਾਈ ਉਸ ਦੀ

ਐਸੀ ਜ਼ਾਲਮ ਕਹਿਰ ਕਨਨਦੀ, ਹੈ ਕੋਈ ਜਾਈ ਕਿਸ ਦੀ
ਸੈਫ਼ ਮਲੂਕ ਸ਼ਹਿਜ਼ਾਦੇ ਡਿੱਠੀ, ਸੋਹਣੀ ਮੂਰਤ ਜਿਸਦੀ

ਗਰਦ ਕੀਤਾ ਜਿਸ ਮਰਦ ਅਜਿਹਾ, ਫ਼ਰਦ ਹੋਇਆ ਛੱਡ ਸ਼ਾਹੀ
ਸੀਨੇ ਸਾਨ ਚੜ੍ਹਾਈਆਂ ਨੈਣਾਂ, ਸਖ਼ਤ ਕਟਾਰੀ ਵਾਹੀ

ਫਿਰੇ ਦੁਆਲੇ ਬੰਦ ਸਿਪਾਹੀ, ਮਲਕੋ ਮੁਲਕ ਉਦਾਸੀ
ਕਿਸਦੇ ਇਸ਼ਕ ਮੁਹਾਰਾਂ ਫੜਿਆ, ਕਿਧਰ ਹਕਲ਼ਾ ਜਾਸੀ

ਸੂਰਤ ਦਾ ਕੁੱਝ ਪਤਾ ਲੱਗਾ ਸੁ, ਯਾ ਕੋਈ ਸੁਖ ਸੁਨੇਹਾ
ਯਾ ਉਮੀਦ ਸੱਜਣ ਦੀ ਅਤੇ, ਐਵੇਂ ਰੁੜ੍ਹਦਾ ਰਿਹਾ

ਐਸਾ ਦਿਲਬਰ ਕੌਣ ਕੋਈ ਹੈ, ਅਜ਼ਗ਼ੀਬੋਂ ਦਿਲ ਖੁੱਸੇ
ਅੱਖੀਂ ਨਜ਼ਰ ਨਾ ਪਵੇ ਮੁਹੰਮਦ, ਕੋਲ਼ ਘਰੇ ਵਿਚ ਵਸੇ