ਸੈਫ਼ਾਲ ਮਲੂਕ

ਦੋਹਾਂ ਭੈਣਾਂ ਦੀ ਅਰਜ਼ੋਈ

ਮਲਿਕਾ ਖ਼ਾਤੋਂ ਬਦਰਾ-ਖ਼ਾਤੋਂ, ਬੱਧੇ ਹੱਥ ਸ਼ਿਤਾਬੀ
ਮਿੰਨਤ ਕਰਕੇ ਸ਼ਾਹਪੁਰੀ ਵੱਲ, ਹੋਈਆਂ ਫੇਰ ਜਵਾਬੀ

ਤੇਰੀ ਸਾਡੀ ਮਿਹਰ ਮੁਹੱਬਤ, ਗੂੜ੍ਹਾ ਭਾਈਚਾਰਾ
ਬਹੁਤ ਪਿਆਰਾ ਮਿੱਠਾ ਕੁੜੀਏ, ਹੱਦੋਂ ਬੀਸ਼ਮਾਰਾ

ਅਸਾਂ ਸ਼ਹਿਜ਼ਾਦੇ ਨਾਲ਼ ਪਕਾਏ, ਪੱਕੇ ਕੁਲ ਅਗੇਰੇ
ਅﷲ ਭਾਵੇ ਮੇਲ਼ ਦਿਆਂਗੇ, ਸ਼ਾਹ ਪਰੀ ਸੰਗ ਤੇਰੇ

ਹੱਥ ਤੇਰੇ ਹੁਣ ਲਾਜ ਅਸਾਡੀ, ਬੋਲ ਕਰੀਂ ਉਹ ਸੱਚੇ
ਨਹੀਂ ਤਾਂ ਅਸੀਂ ਕਿਆਮਤ ਤੋੜੀ, ਉਸ ਵੱਲੋਂ ਹਾਂ ਕੱਚੇ

ਅਸੀਂ ਭੀ ਇਥੇ ਸ਼ਾਹ ਮੁਲਕ ਦੇ, ਉਹ ਸ਼ਾਹ ਮਿਸਰ ਸ਼ਹਿਰ ਦਾ
ਦੂਜਾ ਇਸ ਵਡਿਆਈ ਕੀਤੀ, ਜੈਸੀ ਕੋਈ ਨਾ ਕਰਦਾ

ਇਸ ਸ਼ਰੀਕ ਭਰਾ ਸੱਜਣ ਥੀਂ, ਕਰੀਂ ਨਹੀਂ ਸ਼ਰਮਿੰਦੇ
ਰੁੱਖ ਲਈਂ ਪੱਤ ਸਾਡੀ ਇਥੋਂ, ਸ਼ਾਹ ਪੁਰੀਏ ਦਿਲ ਜਿੰਦੇ