ਸੈਫ਼ਾਲ ਮਲੂਕ

ਦੋਹੜੇ

ਹੈ ਸੁਲਤਾਨ ਹੁਸਨ ਦੀ ਨਗਰੀ, ਰਾਜ ਸਲਾਮਤ ਤੇਰਾ
ਮੈਂ ਪਰਦੇਸੀ ਹਾਂ ਫ਼ਰਿਆਦੀ, ਅਦਲ ਕਰੀਂ ਕੁੱਝ ਮੇਰਾ

ਤੁਧ ਬਿਨ ਜਾਨ ਲਬਾਂ ਪਰ ਆਈ, ਝੱਲਿਆ ਦਰਦ ਬਤੇਰਾ
ਦੇ ਦੀਦਾਰ ਅੱਜ ਵਕਤ ਮੁਹੰਮਦ, ਜੱਗ ਪਰ ਹਿਕੋ ਫੇਰਾ

ਇਸ਼ਕ ਫ਼ਿਰਾਕ ਬੇਤਰਸ ਸਿਪਾਹੀ, ਮਗਰ ਪਏ ਹਰ ਵੇਲੇ
ਪੁੱਟਣ ਬੰਦ ਸੁੱਟਣ ਵਿਚ ਪੈਰਾਂ, ਵਾਂਗਰ ਹਾਥੀ ਪੀਲੇ

ਸਬਰ ਤਹੱਮੁਲ ਕਰਨ ਨਾ ਦਿੰਦੇ, ਜ਼ਾਲਮ ਬੁਰੇ ਮਰੀਲੇ
ਤੁਧ ਬਿਨ ਐਵੇਂ ਜਾਣ ਮੁਹੰਮਦ, ਜਿਉਂ ਦੀਵਾ ਬਿਨ ਤੀਲੇ

ਬਸਤਰ ਨਾਮੁਰਾਦੀ ਅਤੇ, ਮੈਂ ਬਿਮਾਰ ਪਏ ਨੂੰ
ਦਾਰੂ ਦਰਦ ਤੁਸਾਡਾ ਸੱਜਣਾ!, ਲੈ ਅਜ਼ਾਰ ਪਏ ਨੂੰ

ਜ਼ਿਕਰ ਖ਼ਿਆਲ ਤੇਰਾ ਹਰ ਵੇਲੇ, ਦਰਦਾਂ ਮਾਰ ਲਏ ਨੂੰ
ਹੈ ਗ਼ਮ ਖ਼ਾਰ ਹਕਲੀ ਜਾਈ, ਬੇ ਗ਼ਮਖ਼ਾਰ ਪਏ ਨੂੰ

ਚਿੰਤਾ ਫ਼ਿਕਰ ਅੰਦੇਸ਼ੇ ਆਉਣ, ਬਣਾ ਬਣਾ ਸਫ਼ਾਂ ਕਤਾਰਾਂ
ਵੱਸ ਨਹੀਂ ਕੁੱਝ ਚਲਦਾ ਮੇਰਾ, ਕਿਸਮਤ ਹੱਥ ਮੁਹਾਰਾਂ

ਪਾਸੇ ਪਾਸੇ ਚਲੀ ਜਵਾਨੀ, ਪਾਸ ਨਾ ਸੱਦਿਆ ਯਾਰਾਂ
ਸਾਥੀ ਕੌਣ ਮੁਹੰਮਦ ਬਖ਼ਸ਼ਾ, ਦਰਦ ਵੰਡੇ ਗ਼ਮਖ਼ਾਰਾਂ

ਮਾਨ ਨਾ ਕੀਜੇ ਰੂਪ ਘਣੇ ਦਾ, ਵਾਰਿਸ ਕੌਣ ਹੁਸਨ ਦਾ
ਸਦਾ ਨਾ ਰਹਿਸਨ ਸ਼ਾਖ਼ਾਂ ਹਰੀਆਂ, ਸਦਾ ਨਾ ਫੁੱਲ ਚਮਨ ਦਾ

ਸਦਾ ਨਾ ਭੌਰ ਹਜ਼ਾਰਾਂ ਫਰਸਨ, ਸਦਾ ਨਾ ਵਕਤ ਅਮਨ ਦਾ
ਮਾਲੀ ਹੁਕਮ ਨਾ ਦੇ ਮੁਹੰਮਦ, ਕਿਉਂ ਅੱਜ ਸੈਰ ਕਰਨ ਦਾ

ਸਦਾ ਨਾ ਰਸਤ ਬਾਜ਼ਾ ਰੀਂ ਵਕਸੀ, ਸਦਾ ਨਾ ਰੌਣਕ ਸ਼ਹਿਰਾਂ
ਸਦਾ ਨਾ ਮੌਜ ਜਵਾਨੀ ਵਾਲੀ, ਸਦਾ ਨਾ ਨਦੀਈਂ ਲਹਿਰਾਂ

ਸਦਾ ਨਾ ਤਾਬਿਸ਼ ਸੂਰਜ ਵਾਲੀ, ਜੀਵ ਨੌਕਰ ਵਕਤ ਦੁਪਹਿਰਾਂ
ਬੇਵਫ਼ਾਈ ਰਸਮ ਮੁਹੰਮਦ, ਸਦਾ ਇਹੋ ਵਿਚ ਦਹਰਾਂ

ਸਦਾ ਨਾ ਲਾਟ ਚਿਰਾਗ਼ਾਂ ਵਾਲੀ, ਸਦਾ ਨਾ ਸੋਜ਼ ਪਤੰਗਾਂ
ਸਦਾ ਉਡਾਰਾਂ ਨਾਲ਼ ਕਤਾਰਾਂ, ਰਹਿਸਨ ਕਦ ਕਿਲਿੰਗਾਂ

ਸਦਾ ਨਹੀਂ ਹੱਥ ਮਹਿਦੀ ਰੁੱਤੇ, ਸਦਾ ਨਾ ਛਣਕਣ ਵੰਗਾਂ
ਸਦਾ ਨਾ ਛੁਪੇ ਪਾਅ ਮੁਹੰਮਦ, ਰਲ਼ ਮਿਲ ਬਹਿਣਾ ਸਿੰਗਾਂ

ਹੁਸਨ ਮਹਿਮਾਨ ਨਹੀਂ ਘਰ ਬਾਰੀ, ਕੇ ਉਸ ਦਾ ਫ਼ਰਮਾਨਾ
ਰਾਤੀਂ ਲੱਥਾ ਆਨ ਸਥੋਈ, ਫ਼ਜਰੀ ਕੋਚ ਬੁਲਾਣਾ

ਸੰਗਦੇ ਸਾਥੀ ਲੱਦੀ ਜਾਂਦੇ, ਅਸਾਂ ਭੀ ਸਾਥ ਲੱਦਾਨਾ
ਹੱਥ ਨਾ ਆਵੇ ਫੇਰ ਮੁਹੰਮਦ, ਜਾਂ ਇਹ ਵਕਤ ਵਹਾਨਾ

ਸਦਾ ਨਹੀਂ ਮਰ ਗਏਆਂ ਬਹਿਣਾ, ਸਦਾ ਨਹੀਂ ਸਿਰ ਪਾਣੀ
ਸਦਾ ਨਾ ਸਿਆਂ ਸੀਸ ਗੰਦਾਉਣ, ਸਦਾ ਨਾ ਸੁਰਖ਼ੀ ਲਾਨੀ

ਲੱਖ ਹਜ਼ਾਰ ਬਹਾਰ ਹੁਸਨ ਦੀ, ਖ਼ਾਕੋ ਵਿਚ ਸਮਾਣੀ
ਲਾਪਰੀਤ ਮੁਹੰਮਦ ਜਿਸ ਥੀਂ, ਜੱਗ ਵਿਚ ਰਹੇ ਕਹਾਣੀ

ਮਗਰ ਸ਼ਿਕਾਰੀ ਕਰੇ ਤਿਆਰੀ, ਬਾਰ ਚਰੀਨਦੀਆ ਹਰਨਾ
ਜੋ ਚੜ੍ਹਿਆ ਉਸ ਢੈਣਾ ਓੜਕ, ਜੋ ਜੰਮਿਆ ਉਸ ਮਰਨਾ

ਕੁੱਝ ਵਸਾਹ ਨਾ ਸਾਹ ਆਏ ਦਾ, ਮਾਣ ਕਿਹਾ ਫਿਰ ਕਰਨਾ
ਜਿਸ ਜੁੱਸੇ ਨੂੰ ਛੰਡ ਛੰਡ ਰੱਖੀਂ, ਖ਼ਾਕ ਅੰਦਰ ਵਣਜ ਧਰਨਾ

ਲੋਈ ਲੋਈ ਭਰ ਲੈ ਕੁੜੀਏ, ਜੇ ਤੁਧ ਭਾਂਡਾ ਭਰਨਾ
ਸ਼ਾਮ ਪਈ ਬਣ ਸ਼ਾਮ ਮੁਹੰਮਦ, ਘਰ ਜਾਂਦੀ ਨੇ ਡਰਨਾ