ਸੈਫ਼ਾਲ ਮਲੂਕ

ਮੂਰਤ ਦਾ ਵੇਰਵਾ

ਮਲਿਕਾ ਖ਼ਾਤੋਂ ਕਹਿੰਦੀ ਭੈਣੇ, ਮੂਰਤ ਦੀ ਗੱਲ ਸਾਰੀ
ਸੈਫ਼ ਮਲੂਕ ਸ਼ਜ਼ਾਦੇ ਮੈਨੂੰ, ਦੱਸੀ ਸੀ ਇਕ ਵਾਰੀ

ਜੀਵ ਨੌਕਰ ਸੁਣੀ ਜ਼ਬਾਨੀ ਇਸ ਦੀ, ਤੀਵੀਂ ਆਖ ਸੁਣਾਵਾਂ
ਇਕ ਦਿਨ ਨਬੀ ਸਲੀਮਾਂ ਹੋਰਾਂ, ਪੁੱਛਿਆ ਸਭ ਉਮਰਾਵਾਂ

ਪਰੀਆਂ ਦੇਵਾਂ ਆਦਮੀਆਂ ਦੇ, ਹਾਜ਼ਰ ਸਨ ਸਿਰ ਕਰਦੇ
ਜੇ ਕੁੱਝ ਹੁਕਮ ਪੈਗ਼ੰਬਰ ਕਰਦਾ, ਸਿਰ ਅੱਖੀਂ ਪਰ ਧਰਦੇ

ਕਹਿਓਸ ਯਾਰੋ ਦੱਸੋ ਮੈਨੂੰ, ਸੱਚੋ ਸੱਚ ਜ਼ਬਾਨੋਂ
ਮਹੱਤਰ ਯੂਸੁਫ਼ ਭਾਈ ਮੇਰਾ, ਜੋ ਹੈ ਸੀ ਕਿੰਨਾ ਨੂੰ

ਇਸ ਜਿਹਾ ਕੋਈ ਸੂਰਤ ਵਾਲਾ, ਦੁਨੀਆ ਅਤੇ ਹੋਸੀ
ਅੱਖੀਂ ਡਿੱਠੀਆਂ ਕੁਨੀਨ ਸੁਣੀਆਂ, ਦੱਸੋ ਪੰਡਤ ਜੋਸੀ

ਸਭਨਾਂ ਅਰਜ਼ ਗੁਜ਼ਾਰੀ ਹਜ਼ਰਤ, ਕੋਈ ਨਾ ਡਿੱਠਾ ਅੱਗੇ
ਪਰ ਜੇ ਹੁਣ ਕੋਈ ਮੋਹਲਤ ਬਖ਼ਸ਼ੋ, ਹਰ ਕੋਈ ਲੋੜਣ ਲੱਗੇ

ਕੇ ਜਾਪੇ ਮੱਤ ਹੋਵੇ ਕੋਈ, ਇਸ ਸੂਰਤ ਦਾ ਸਾਨੀ
ਭਲੀ ਭਲੇਰੀ ਹੈ ਖ਼ਲਕ ਅੱਲ੍ਹਾ, ਕਹਿੰਦੇ ਲੋਗ ਜ਼ਬਾਨੀ

ਚਾਲੀ੍ਹ ਰੋਜ਼ ਹੋਈ ਤਦ ਮੋਹਲਤ, ਡ ਹੋਨਡੋ ਜ਼ਿਮੀਂ ਜ਼ਮਨ ਨੂੰ
ਪਰੀਆਂ ਦਿਓ ਤਕੀਨਦੇ ਫਿਰਦੇ, ਹਰ ਜਣੇ ਹਰ ਜ਼ਨ ਨੂੰ

ਮਹਿਬੂਬਾਂ ਮਕਬੂਲਾਂ ਵਾਲੇ, ਡਿਠੇ ਹੁਸਨ ਬਤੀਰੇ
ਗੁਜ਼ਰ ਗਿਆਂ ਦੇ ਰੂਪ ਜਮਾਲੋਂ, ਕਿੱਸੇ ਸੁਣੇ ਘਨੇਰੇ

ਸਾਰੀ ਧਰਤੀ ਫਿਰਕੇ, ਥੱਕੇ ਆਬਾਦੀ ਵੀਰਾਨੀ
ਮਹੱਤਰ ਯੂਸੁਫ਼ ਜਿਹਾ ਨਾ ਲੱਧਾ, ਸੋਹਣਾ ਮਰਦ ਜ਼ਨਾਨੀ

ਜਾ ਸਲੀਮਾਂ ਅੱਗੇ ਸਭਨਾਂ, ਚੁੰਮੀ ਜ਼ਿਮੀਂ ਅਦਬ ਦੀ
ਦੇਣ ਦੁਆਏਂ ਸ਼ਾਹ ਪੁਰ ਹੋਵੇ, ਦਾਇਮ ਰਹਿਮਤ ਰੱਬ ਦੀ

ਅਸੀਂ ਤੁਸਾਡੇ ਹੁਕਮੇ ਅਤੇ, ਫਿਰ ਆਏ ਸਭ ਆਲਮ
ਇਸ ਸੂਰਤ ਦਾ ਸਾਨੀ ਕਿਧਰੇ, ਨਾ ਕੋਈ ਜਣ ਨਾ ਆਦਮ

ਹੋਰ ਅਜਾਇਬ ਸੁੰਦਰ ਸੋਹਣੇ, ਡਿਠੇ ਸਣੇ ਘਨੇਰੇ
ਯੂਸੁਫ਼ ਸਾਨੀ ਮਰਦ ਜ਼ਨਾਨੀ, ਨਾ ਕੋਈ ਜੱਗ ਚੁਫੇਰੇ

ਪਰ ਕੋਈ ਲਿਖੀ ਡਿੱਠੀ ਆਇਤ, ਵਿਚ ਕਲਾਮ ਇਲਾਹੀ
ਵਅੱਲਮ ਮਨ ਲੱਦਣਾ ਅਲਨਾ, ਇਹ ਸੁਣੀਂਦੀ ਆਹੀ

ਵਿਚ ਜ਼ਬੂਰ ਦਾਊਦ ਨਬੀ ਦੀ, ਜੂਹੇ ਨੂਰ ਲਪੇਟੀ
ਲਿਖਿਆ ਡਿੱਠਾ ਨਸਲ ਤੇਰੀ ਥੀਂ, ਪੈਦਾ ਹੋਸੀ ਬੇਟੀ

ਜੋਬਨ ਹੁਸਨ ਅਦਾ ਸਫ਼ਾਈ, ਨਕਸ਼ ਨਿਗਾਰ ਸ਼ਕਲ ਦੇ
ਸ਼ੋਖ਼ੀ ਤੇ ਮਰਗ਼ੋਬੀ ਖ਼ੂਬੀ, ਬਸ਼ੀਇਰ ਜ਼ੁਲਫ਼ ਕੁੰਡਲ ਦੇ

ਮਹੱਤਰ ਯੂਸੁਫ਼ ਨਾਲ਼ ਬਰਾਬਰ, ਯਾ ਇਸ ਥੀਂ ਕੁਝ ਕਿਸੇ
ਵਿਚ ਕਲਾਮ ਇਲਾਹੀ ਇਹੋ, ਪੱਤੇ ਅਸਾਨੂੰ ਦੱਸੇ

ਨਬੀ ਸਲੀਮਾਂ ਪੁੱਛਿਆ ਅੱਗੋਂ, ਦੱਸੋ ਖਾਂ ਗੱਲ ਸਾਰੀ
ਬੇਟੀ ਕਿਸ ਦੀ ਕਿਸ ਨਗਰ ਵਿਚ, ਕੇ ਨਾਵਾਂ ਇਸ ਨਾਰੀ?

ਦਾਨਸ਼ਮੰਦ ਪਰੀ ਫਿਰ ਬੋਲੀ, ਪੱਕਾ ਪਤਾ ਦੁਸਾਲੇ
ਨਾਮ ਬਦੀਅ ਜਮਾਲ ਕੁੜੀ ਦਾ, ਬੇਟੀ ਸ਼ਾਹ ਸ਼ਹਪਾਲੇ

ਉਹ ਅੱਗੋਂ ਸ਼ਾਹਰੁਖ਼ ਦਾ ਜਾਇਆ, ਉਹ ਔਲਾਦ ਤੁਸਾਡੀ
ਅੱਗੋਂ ਆਪ ਸਿਆਣੇ ਸਾਹਿਬ, ਹਾਜਤ ਕੇ ਅਸਾਡੀ

ਦਿੱਤਾ ਹੁਕਮ ਨਬੀ ਨੇ ਅੱਗੋਂ, ਸੂਰਤ ਨਕਸ਼ ਬਣਾਓ
ਤਾਂ ਮੇਰੇ ਦਿਲ ਹੋਵੇ ਤਸੱਲੀ, ਕਰ ਤਸਵੀਰ ਦਿਖਾਓ

ਪੁਰੀ ਅਜਾਇਜ਼ ਮੂਰਤ ਕਾਰਨ, ਕੀਤਾ ਫ਼ਿਕਰ ਅੰਦਰ ਦਾ
ਤੁਰੇ ਸੇ ਹੋਰ ਹਕੀਮ ਸਿਆਣਾ, ਹਰ ਇਕ ਅਹਿਲ ਹੁਨਰ ਦਾ

ਹੋਰ ਕਈ ਤਾਰੀਖ਼ਾਂ ਵਾਲੇ, ਦੇਣ ਜੋ ਗ਼ੀਬੋਂ ਖ਼ਬਰਾਂ
ਕਰਨ ਲੱਗੇ ਤਦਬੀਰ ਸ਼ਕਲ ਦੀ, ਤੱਕ ਤਕ ਜ਼ੇਰਾਂ ਜ਼ਬਰਾਂ

ਕਰ ਤਦਬੀਰ ਅਜਾਇਜ਼ ਹੋਰਾਂ, ਇਕ ਤਸਵੀਰ ਬਣਾਈ
ਅਤਲਸ ਲੈ ਬਹੱਤਰ ਰੰਗਾ, ਇਸ ਪਰ ਖ਼ੂਬ ਸਹਾਈ

ਜ਼ੀਨਤ ਜ਼ੇਬ ਹਜ਼ਾਰਾਂ ਕੀਤੇ, ਵਾਂਗਣ ਬਾਗ਼ ਬਹਾਰਾਂ
ਲੈ ਗਈ ਫਿਰ ਪਾਸ ਨਬੀ ਦੇ, ਮੂਰਤ ਨਕਸ਼ ਨਗਾਰਾਂ

ਦੇਖ ਰਿਹਾ ਹੈਰਾਨ ਪੈਗ਼ੰਬਰ, ਸੱਤ ਦਿਨ ਤੇ ਸੱਤ ਰਾਤਾਂ
ਵਾਹ ਖ਼ਾਲਿਕ ਜਿਸ ਬੰਦੇ ਕੀਤੇ, ਸਾਹਿਬ ਐਡ ਸਫ਼ਾ ਤਾਂ

ਅੱਠਵੀਂ ਰੋਜ਼ ਮਸੱੋਰ ਤਾਈਂ, ਨਾਲੇ ਹੋਰ ਹਕੀਮਾਂ
ਖ਼ਿਲਅਤ ਤੇ ਜ਼ਰ ਦੌਲਤ ਬਖ਼ਸ਼ੀ, ਵਾਫ਼ਰ ਮਾਲ ਨਈਮਾਂ

ਇਕ ਅੰਗੂਠੀ ਹੱਥ ਆਪਣੇ ਦੀ, ਨਾਲੇ ਇਹ ਦੋ ਨਕਸ਼ੇ
ਸ਼ਾਹਜ਼ਾਦੇ ਦੇ ਦਾਦੇ ਤਾਈਂ, ਨਬੀ ਸਲੀਮਾਂ ਬਖ਼ਸ਼ੇ

ਇਸ ਥੀਂ ਬਾਅਦ ਲਏ ਸ਼ਾਹ ਆਸਿਮ, ਫੇਰ ਉਸ ਨੂੰ ਹੱਥ ਲੱਗੇ
ਵੇਖਣ ਸਾਤ ਹੋਇਆ ਇਹ ਆਸ਼ਿਕ, ਆ ਪਹੁਤਾ ਤੁਧ ਅੱਗੇ