ਸੈਫ਼ਾਲ ਮਲੂਕ

ਦੋਹੜੇ

ਕਰ ਕਰ ਯਾਦ ਸੱਜਣ ਨੂੰ ਰੋਵਾਂ, ਮੂਲ ਅਰਾਮ ਨਾ ਹੋਏ
ਢੂੰਡ ਥਕਾ ਜਗਦੀਸ ਤਮਾਮੀ, ਰਿਹਾ ਮੁਕਾਮ ਨਾ ਕੋਏ

ਰੁਠਾ ਯਾਰ ਮਨਾਵੇ ਮੇਰਾ, ਕੌਣ ਵਸੀਲਾ ਢੋਏ
ਲਾਅ ਸਬੋਨ ਮੁਹੱਬਤ ਵਾਲਾ, ਦਾਗ਼ ਗ਼ਮਾਂ ਦੇ ਧੋਏ

ਜੱਗ ਪਰ ਜੀਵਨ ਬਾਝ ਪਿਆਰੇ, ਹੋਇਆ ਮੁਹਾਲ ਅਸਾਨੂੰ
ਭੁੱਲ ਗਈ ਸ਼ੁੱਧ ਬੁੱਧ ਲੱਗਾ ਜਾਂ, ਇਸ਼ਕ ਕਮਾਲ ਅਸਾਨੂੰ

ਬਾਗ਼ ਤਮਾਸ਼ੇ ਹੱਸਣ ਖੇਡਣ, ਖ਼ਾਬ ਖ਼ਿਆਲ ਅਸਾਨੂੰ
ਜਾਵਣ ਦੁੱਖ ਮੁਹੰਮਦ ਜਿਸ ਦਿਨ, ਹੋਏ ਜਮਾਲ ਅਸਾਨੂੰ

ਕੇ ਗੱਲ ਆਖ ਸੁਣਾਵਾਂ ਸੱਜਣਾ!, ਦਰਦ ਫ਼ਿਰਾਕ ਸਿਤਮ ਦੀ
ਆਇਆ ਹਰਫ਼ ਲਬਾਂ ਪਰ ਜਿਸ ਦਮ, ਫਟ ਗਈ ਜਭਿ ਕਲਮ ਦੀ

ਚਿੱਟਾ ਕਾਗ਼ਜ਼ ਦਾਗ਼ੀ ਹੋਇਆ, ਫਰੀ ਸਿਆਹੀ ਗ਼ਮ ਦੀ
ਦੁੱਖਾਂ ਕੀਤਾ ਜ਼ੋਰ ਮੁਹੰਮਦ, ਲਈਂ ਖ਼ਬਰ ਉਸ ਦਮ ਦੀ

ਪੁਰੀਏ ਖ਼ੌਫ਼ ਖ਼ੁਦਾ ਦਿਉਂ ਡਰੀਏ, ਕਰੀਏ ਮਾਣ ਨਾ ਮਾਸਾ
ਜੋਬਨ ਹੁਸਨ ਨਾ ਤੋੜ ਨਿਬਾਹੋ, ਕੇ ਉਸ ਦਾ ਭਰਵਾਸਾ

ਇਨ੍ਹਾਂ ਮੂਹਾਂ ਤੇ ਮਿੱਟੀ ਪੋਸੀ, ਖ਼ਾਕ ਨਿਮਾਣੀ ਵਾਸਾ
ਮੈਂ ਮਰ ਚੁੱਕਾ ਤੇਰੇ ਭਾਣੇ, ਅਜੇ ਮੁਹੰਮਦ ਹਾਸਾ