ਸੈਫ਼ਾਲ ਮਲੂਕ

ਗ਼ਜ਼ਲ

ਇਸ਼ਕ ਮੁਹੱਬਤ ਤੇਰੀ ਅੰਦਰ, ਮੈਂ ਮਸ਼ਹੂਰ ਜਹਾਨੀਂ
ਰਾਤੀਂ ਜਾਗਾਂ ਤੇ ਸਿਰ ਸਾੜਾਂ, ਵਾਂਗ ਚਿਰਾਗ਼ ਨੂਰਾਨੀ

ਨਿੰਦਰ ਪਲਕ ਨਾ ਲਾਵਣ ਦਿੰਦੇ, ਨੈਣ ਜਦ ਵਿਕੇ ਲਾਏ
ਆਤਿਸ਼ ਭਰੀਆਂ ਹੰਜੋਂ ਬਰਸਨ, ਰੌਸ਼ਨ ਸ਼ਮ੍ਹਾ ਨਿਸ਼ਾਨੀ

ਬਣ ਰੌਸ਼ਨ ਦੀਦਾਰ ਤੇਰੇ ਥੀਂ, ਜੱਗ ਹਨੇਰਾ ਮੈਨੂੰ
ਨਾਲ਼ ਕਮਾਲ ਮੁਹੱਬਤ ਤੇਰੀ, ਹੋ ਚੱਕਿਓਸ ਨੁਕਸਾਨੀ

ਕਾਲ਼ੀ ਰਾਤ ਹਿਜਰ ਦੀ ਅੰਦਰ, ਨਾ ਕੋਈ ਸੁਖ ਸੁਨੇਹਾ
ਨਾ ਕਾਸਦ, ਨਾ ਕਾਗ਼ਜ਼ ਰੁੱਕਾ, ਨਾ ਕੋਈ ਗੱਲ ਜ਼ਬਾਨੀ

ਬੇਕਰਾਰੀ ਤੇ ਗ਼ਮਖ਼ੁਆਰੀ, ਸਿਵਲ ਫ਼ਿਰਾਕ ਤੇਰੇ ਦਾ
ਰਹਿਮ ਕਰੀਂ ਮੂੰਹ ਦਿਸ ਪਿਆਰੇ, ਜ਼ਾਏ ਚਲੀ ਜਵਾਨੀ

ਦਿਲ ਪਰ ਭਾਰ ਪਹਾੜ ਗ਼ਮਾਂ ਦੇ, ਸੀਨੇ ਦਾਗ਼ ਹਿਜਰ ਦਾ
ਬੇਵਫ਼ਾਈ ਤੇਰੀ ਤਰੀਜੀ, ਕਰਦੀ ਮੈਨੂੰ ਫ਼ਾਨੀ

ਜਾਂਦੀ ਚਲੀ ਬਹਾਰ ਖ਼ੁਸ਼ੀ ਦੀ, ਬਰਮ ਰਹੇਗਾ ਭੌਰਾਂ
ਸਦਾ ਨਾ ਰਹਿਸੀ ਰੰਗ ਗੁਲਾਬੀ, ਸਦਾ ਨਾ ਚਾਲ ਦਿਵਾਨੀ

ਹਿਰਸ ਹਵਾ ਤੇਰੀ ਦੀ ਆਤਿਸ਼, ਤਨ ਮਨ ਫੂਕ ਜਲਾਇਆ
ਭਰ ਮਸ਼ਕਾਂ ਦੋ ਨੈਣ ਬਹਿਸ਼ਤੀ, ਡੋਹਲ ਰਹੇ ਨਿੱਤ ਪਾਣੀ

ਕਾਲ਼ੀ ਰਾਤ ਜਵਾਨੀ ਵਾਲੀ, ਲੌ ਹੋਵਣ ਪਰ ਆਈ
ਮੁੱਖ ਦੱਸੀਂ ਤਾਂ ਮਿਸਲ ਚਿਰਾਗ਼ਾਂ, ਜਾਨ ਕਰਾਂ ਕੁਰਬਾਨੀ

ਹੋਏ ਮੋਮ ਪਹਾੜ ਸਬਰ ਦੇ, ਹੱਥ ਗ਼ਮਾਂ ਜਦ ਪਾਇਆ
ਅੱਗ ਪਾਣੀ ਵਿਚ ਗਿਲਦਾ ਜੀਵੜਾ, ਸ਼ਮ੍ਹਾ ਜਿਵੇਂ ਮਸਤਾਨੀ

ਜੇ ਹੁਣ ਕਰੀਂ ਗ਼ਰੀਬ ਨਿਵਾਜ਼ੀ, ਐਬ ਨਹੀਂ ਕੁੱਝ ਤੈਨੂੰ
ਮੈਂ ਵੱਲ ਆਵੇਂ ਮੁੱਖ ਦੁਖਾਵੇਂ, ਸੇਜ ਸੁਹਾਵੇਂ ਜਾਣੀ

ਸਾਦਿਕ ਸੁਬ੍ਹਾ ਮਨਿੰਦ ਮੇਰਾ ਭੀ, ਰਹਿ ਗਿਆ ਦਮ ਬਾਕੀ
ਦੇ ਦੀਦਾਰ ਮੁਹੰਮਦ ਤਾਂ ਫਿਰ, ਦੇਈਏ ਜਾਨ ਅਸਾਨੀ