ਸੈਫ਼ਾਲ ਮਲੂਕ

ਗ਼ਜ਼ਲ

ਹੈ ਮਾਸ਼ੂਕਾ ਮੈਂ ਮਰ ਚੁੱਕਾ, ਅੱਗੋਂ ਦੇਰ ਨਾ ਲਾਵੀਂ
ਆਇਆ ਸਖ਼ਤ ਨਜ਼ਾ ਦਾ ਵੇਲ਼ਾ, ਮਿਹਰ ਦਿਲੇ ਵਿਚ ਪਾਵੇਂ

ਬਹੁਤ ਜਰੇ ਦੁੱਖ ਰਹੀ ਨਾ ਤਾਕਤ, ਅੱਗੋਂ ਹੋਰ ਜਰਨ ਦੀ
ਆਸੀਂ ਆਸੇ ਉਮਰ ਗੁਜ਼ਾਰੀ, ਆਸ ਮੇਰੀ ਦਰ ਲਿਆਵੀਂ

ਆਪ ਰਹੀਂ ਖ਼ੁਸ਼ਹਾਲ ਹਮੇਸ਼ਾ, ਨਾ ਤੁਧ ਦੁੱਖ ਨਾ ਝੋਰਾ
ਸਾਨੂੰ ਭੀ ਬੇਦਰਦ ਪਛਾਣੇਂ, ਇਸ ਥੀਂ ਚਿੱਤ ਨਾ ਚਾਵੀਂ

ਕਦਮ ਤੇਰੇ ਫੜ ਸੋ ਜਿੰਦ ਵਾਰਾਂ, ਫਿਰ ਭੀ ਉਜ਼ਰ ਮਨੇਸਾਂ
ਖ਼ਿਦਮਤ ਤੇਰੀ ਮੈਂ ਥੀ ਸੱਜਣਾ!, ਹੋਈ ਨਾ ਮਾਸੇ ਸਾਵੇਂ

ਤਲਖ਼ ਜਵਾਬ ਤੇਰੇ ਨੇਂ ਮਿੱਠੇ, ਨਾ ਹਵਸਾਂ ਦਿਲ ਖੱਟਾ
ਸ਼ੋਰ ਇਸ਼ਕ ਦੇ ਫਿੱਕੀ ਕੀਤੀ, ਗ਼ੀਰੋਂ ਜਿੰਦ ਨਥਾਵੇਂ

ਮਨ ਵਿਚ ਵਸੇਂ, ਤੇ ਦਿਲ ਕ੍ਖੱਸੀਂ, ਕਿਉਂ ਮੂੰਹ ਦੱਸੀਂ ਨਾਹੀਂ
ਦਰਦ ਰਨਜਾਨਾ, ਮੈਂ ਨਿਮਾਣਾ, ਨਾ ਹੁਣ ਹੋਰ ਸਤਾਵੀਂ

ਭਲੀ ਮੇਰੇ ਸੰਗ ਕੀਤੀ ਸੱਜਣਾ!, ਜਮਦੜਿਆਂ ਦੁੱਖ ਲਾਏ
ਹੋਇਆ ਅੰਤ ਫ਼ਿਰਾਕ ਮੁਹੰਮਦ, ਕਦੇ ਤੇ ਪੁੱਛਣ ਆਵੇਂ