ਸੈਫ਼ਾਲ ਮਲੂਕ

ਮਕੂਲਾ ਸ਼ਾਇਰ

ਰਾਤੀਂ ਉਹ ਦਿਨੇ ਇਹ ਕਾਰਨ, ਵੇਖੋ ਮੁੱਕਰ ਜ਼ਨਾਂ ਦੇ
ਮਾਇਆਂ ਦਾਇਆਂ ਸੰਗ ਸਿਆਂ ਨੂੰ, ਦੇਣ ਨਾ ਭੇਤ ਮਨਾਂ ਦੇ

ਖ਼ੂਬ ਕਿਹਾ ਦਾਣਾ ਕਿਸੇ ਨੇ, ਸੱਚ ਅਖਾਣ ਪੁਰਾਣਾ
ਦੂਜੇ ਬਹਿਰ ਵਿਚੋਂ ਉਲਟਾਕੇ, ਆਇਆ ਬੀਤ ਸਨਾਣਾ

ਰੰਨਾਂ ਚੰਚਲ ਹਾਰ ਹਮੇਸ਼ਾ, ਚੰਚਲ ਕੰਮ ਕਰੀਹਨ
ਦੇਹੀਂ ਡਰਨ ਪਛਾਵੇਂ ਕੋਲੋਂ, ਰਾਤੀਂ ਨਦੀ ਤ੍ਰੇਹਨ

ਵਿਚ ਕੁਰਆਨ ਕਹੇ ਰੱਬ ਸੱਚੇ, ਮੁੱਕਰ ਜ਼ਨਾਂ ਦੇ ਭਾਰੇ
ਗੁਣ ਗਿਣ ਕੇ ਲੱਖ ਦੱਸੇ ਨਾਹੀਂ, ਮੈਂ ਭੀ ਡਰਦੇ ਮਾਰੇ

ਮੱਤ ਕੋਈ ਨਾਰ ਸੁਣੇ ਖਾ ਗ਼ੁੱਸਾ, ਕਰੇ ਚਲਿਤ੍ਰ ਕਾਈ
ਘੁੰਮਣ ਘੇਰ ਕਿਸੇ ਵਿਚ ਪਾਵੇ, ਡੋਬ ਦੀਏ ਦਾਨਾਈ

ਹੋਰ ਨਹੀਂ ਕੋਈ ਜ਼ੋਰ ਉਨ੍ਹਾਂ ਸੰਗ, ਹਾਦੀ ਦੀਏ ਪਨਾਹਾਂ
ਛੱਡ ਮੁੱਕਰਾਂ ਦੀ ਗੱਲ ਮੁਹੰਮਦ(ਰਹਿ.), ਝਬਦੇ ਚੱਲ ਅਗਾਹਾਂ