ਜੀਵਨ

ਕੱਲ੍ਹ ਸੁਫ਼ਨੇ ਦੇ ਵਿਚ ਮੈਨੂੰ,
ਦੋ ਨਜ਼ਰ ਫ਼ਰਿਸ਼ਤੇ ਆਏ
ਇਕ ਤਖ਼ਤ ਫੁੱਲਾਂ ਦਾ ਸੋਹਣਾ,
ਉਹ ਆਪਣੇ ਨਾਲ਼ ਲਿਆਏ ।
ਉਹ ਉੱਤਰੇ ਹੋਲੇ ਹੋਲੇ,
ਫੇਰ ਆ ਕੇ ਮੇਰੇ ਕੋਲੇ,
ਰੁੱਖ ਤਖ਼ਤ ਫੁੱਲਾਂ ਦਾ ਬੋਲੇ,
ਅੱਠ ਤੈਨੂੰ ਰੱਬ ਬੁਲਾਏ

ਤੇਰੇ ਲਈ ਸਵਰਗਾਂ ਅੰਦਰ,
ਭੌਰਾਂ ਨੇ ਗੰਦੇ ਸਿਹਰੇ
ਜ਼ੁਲਫ਼ਾਂ ਦੇ ਲੱਛੇ ਲੈ ਕੇ,
ਹੂਰਾਂ ਨੇ ਬੌਹਕਰ ਫੇਰੇ
ਪੰਛੀ ਪਏ ਮੰਗਲ ਗਾਵਣ,
ਫੁੱਲਾਂ ਦੇ ਦਿਲ ਸਿੱਧਰਾਉਣ,
ਕਲੀਆਂ ਨੂੰ ਛਿੱਕਾਂ ਆਉਣ,
ਸਭ ਰਾਹ ਤੁੱਕਾਉਣ ਤੇਰੇ

ਹੱਥ ਬੰਨ੍ਹ ਖਲੋਵਨ ਓਥੇ,
ਹੂਰਾਂ ਪਰੀਆਂ ਮੁਟਿਆਰਾਂ
ਸ਼ਹਿਦਾਂ ਦੇ ਚਸ਼ਮੇ ਵਗਣ,
ਤੇ ਦੁੱਧਾਂ ਦਿਆਂ ਫੁਹਾਰਾਂ
ਨਾ ਓਥੇ ਹੋ ਕੇ ਹਾਵੇ,
ਨਾ ਭੁੱਖ ਤ੍ਰਹਿ ਸਤਾਵੇ,
ਨਾ ਰੁੱਤ ਖ਼ਿਜ਼ਾਂ ਦੀ ਆਵੇ,
ਤੇ ਹਰਦਮ ਰੈਹਣ ਬਹਾਰਾਂ ।

ਸਵਰਗਾਂ ਦੀਆਂ ਸਿਫ਼ਤਾਂ ਸੁਣ ਕੇ,
ਮੈਂ ਕਿਹਾ ਫ਼ਰਿਸ਼ਤੇ ਤਾਈਂ,
ਐਸਾ ਇਕ ਸਾਰਾ ਜੀਵਨ,
ਮੈਂ ਮੂਲ ਪਸੰਦਾਂ ਨਾਹੀਂ !
ਜਿਥੇ ਨਾ ਮੇਲ਼ ਜੁਦਾਈਆਂ,
ਜਿਥੇ ਨਾ ਸਲ੍ਹਾ ਲੜਾਈਆਂ,
ਨਾ ਧੀਦੋ ਤੇ ਭਰਜਾਈਆਂ,
ਮੈਂ ਜਾਣਾ ਨਹੀਂ ਉਥਾਈਂ ।

ਜਿਥੇ ਨਹੀਂ ਹੋਤ ਕਸਾਈ,
ਜਿਥੇ ਨਹੀਂ ਛਿੱਲ ਛਲਾਵੇ ।
ਜਿਥੇ ਨਾ ਕੈਦੋ ਲੰਗਾ,
ਵਿਚ ਟੰਗ ਆਪਣੀ ਡਾਹਵੇ,
ਜਿਥੇ ਨਾ ਆਸ਼ਿਕ ਲਸਣ,
ਜਿਥੇ ਨਾ ਰੂਹਾਂ ਖੱਸਣ,
ਜਿਥੇ ਨਾ ਹੂਰਾਂ ਰਿਸਣ,
ਉਹ ਸੁਵਰਗ ਨਾ ਮੈਨੂੰ ਭਾਵੇ

ਹੈ ਜੀਵਨ ਅਦਲਾ ਬਦਲੀ
ਤੇ ਹੋਣਾ ਰੰਗ ਬਰੰਗਾ
ਸੋ ਮਰਦੇ ਭਗਤਾਂ ਕੋਲੋਂ,
ਇਕ ਜਿਊਂਦਾ ਜ਼ਾਲਮ ਚੰਗਾ
ਮੋਤੀ ਤੋਂ ਹੰਝੂ ਮਹਿੰਗੇ,
ਲਾਲਾਂ ਤੋਂ ਜੁਗਨੂੰ ਸੋਹਣੇ,
ਸਵਰਗਾਂ ਤੋਂ ਦੋਜ਼ਖ਼ ਚੰਗੇ,
ਜਿਥੇ ਹੈ ਜੀਵਨ ਦੰਗਾ

ਮੈਂ ਸ਼ਾਇਰ ਰੰਗ ਰੰਗੀਲਾ,
ਮੈਂ ਪਲ ਪਲ ਰੰਗ ਵਟਾਵਾਂ
ਜੇ ਵੱਟਦਾ ਰਿਹਾਂ ਤਾਂ ਜੀਵਾਂ,
ਜੇ ਖੱਲਾਂ ਤੇ ਮਰ ਜਾਵਾਂ
ਝੀਲਾਂ ਤੋਂ ਚੰਗੇ ਨਾਲੇ,
ਜੋ ਪਏ ਰੈਹਣ ਨਿੱਤ ਚਾਲੇ,
ਤੱਕ ਰੋਕਾਂ ਖਾਣ ਉਛਾਲੇ,
ਤੇ ਵਧਦੇ ਜਾਨ ਅਗਾਹਾਂ

ਹੈ ਜੀਵਨ ਦੁੱਖ ਵੰਡ ਓਨਾ,
ਤੇ ਅੱਗ ਬਿਗਾਨੀ ਸੜਨਾ
ਮਰਨੇ ਦੀ ਖ਼ਾਤਿਰ ਜੀਣਾ
ਜਿੰਨੇ ਦੀ ਖ਼ਾਤਿਰ ਮਰਨਾ
ਜੀਵਨ ਹੈ ਲੜਨਾ ਖੇਹਨਾ,
ਜੀਵਨ ਹੈ ਢਾਣਾ ਢਹਿਣਾ
ਜੀਵਨ ਹੈ ਤੁਰਦੇ ਰਹਿਣਾ,
ਤੇ ਕੋਈ ਪੜਾਅ ਨਾ ਕਰਨਾ

ਹਵਾਲਾ: ਕਿਤਾਬ: ਸਾਵੇ ਪੁੱਤਰ