ਜ਼ਰਦਾਰੀ ਜ਼ਿੰਦਾਬਾਦ

ਜੁਮੇ ਵਾਲਾ ਦਿਨ
ਸੁਬ੍ਹਾ ਸੁਬ੍ਹਾ ਤੜਕੇ
ਲੈ ਆਇਆ ਗਾਮੂ ਮੱਛੀ ਰਾਵੀ ਵਿਚੋਂ ਫੜ ਕੇ
ਦੋ ਕਿਲੋ ਵਜ਼ਨ ਦੀ ਤੇ ਮੱਛੀ ਵਾਵਾ ਪਲ਼ੀ ਸੀ
ਰੱਬ ਜਾਣੇ ਖੱਗਾ ਸੀ ਰਹੂ ਸੀ ਯਾ ਮੱਲ੍ਹੀ ਸੀ
ਗਾਮੂ ਕਿਹੜਾ ਮੱਛੀਆਂ ਦੀ ਨਸਲਾਂ ਨੂੰ ਜਾਂਦਾ
ਅੱਲਾਹ ਵੱਲੋਂ ਫੜੀ ਗਈ ਸੁਆਦ ਲੈਣਾ ਖਾਣ ਦਾ
ਫੜ ਕੇ ਤੇ ਮੱਛੀ ਗਾਮੂ ਬੂਹਾ ਜਦੋਂ ਲੰਘਿਆ
ਤਾਅ ਦਿੱਤਾ ਮੁੱਛਾਂ ਨੂੰ ਤੇ ਮੱਠਾ ਮੱਠਾ ਖੰਗਿਆ
ਕਹਿਣ ਲੱਗਾ ਬੇਗਮ ਨੂੰ ਕਿ ਛੇਤੀ ਛੇਤੀ ਕਰ ਵਈ
ਅੱਜ ਮੱਛੀ ਸੋਹਣੀਏ ਕਰਾਰੀ ਜਿਹੀ ਧਰ ਵਈ
ਸੁਨ ਕੇ ਤੇ ਬੇਗਮ ਉਹਦੀ ਗੱਲ ਉਹਦੇ ਪੇ ਗਈ
ਜਾਣੇ ਇਕੋ ਸਾਹੇ ਕੀ ਕੁਝ ਕਹਿ ਗਈ
ਵੇ ਕੱਲੀ ਸੁਕੀ ਮੱਛੀ ਵੇ ਤੂੰ ਮੇਰੇ ਮੱਥੇ ਮਾਰੀ ਊ
ਲੋੜ ਦੀ ਤੇ ਘਰੋਂ ਚੀਜ਼ ਮੁੱਕੀ ਪਈ ਸਾਰੀ ਊ
ਨਾ ਘਰ ਮਿਰਚਾਂ ਨਾ ਘਿਓ ਤੇ ਨਾ ਗੰਢੇ ਵੇ
ਨਾ ਘਰ ਗੈਸ ਨਾ ਪਾਥੀਆਂ ਨਾ ਡੰਡੇ ਵੇ
ਗੋਗਿਆ ਗਾਮੂ ਘਰੋਂ ਗ਼ੁੱਸੇ ਨਾਲ਼ ਉਠਿਆ
ਜਿਥੋਂ ਸੀ ਲਿਆਉਂਦੀ ਮੱਛੀ ਓਥੇ ਜਾ ਸੁੱਟਿਆ
ਮੱਛੀ ਨਾਅਰਾ ਮਾਰਿਆ ਹੋ ਕੇ ਅਜ਼ਾਦ ਐ
ਜ਼ਰਦਾਰੀ ਜ਼ਿੰਦਾਬਾਦ
ਵਈ ਜ਼ਰਦਾਰੀ ਜ਼ਿੰਦਾਬਾਦ