ਐਸੀ ਮਛਰੀ ਦਿਲ ਦੀ ਪੀੜ ਪੁਰਾਣੀ ਰਾਤ
ਐਸੀ ਮਛਰੀ ਦਿਲ ਦੀ ਪੀੜ ਪੁਰਾਣੀ ਰਾਤ
ਦੁਖਦੇ ਨੈਣਾਂ ਨਾਲ ਵੀ ਬਹਿਕੇ ਛਾਣੀ ਰਾਤ
ਪਲਕਾਂ ਨਾਲ ਵੀ ਸੂਰਜ ਦਾ ਘੁੰਢ ਚੁੱਕਿਆ ਮੈਂ
ਮਗਰੋਂ 'ਫੇ ਨਾ ਲੱਥੀ ਨਿਘਰ ਜਾਣੀ ਰਾਤ
ਸ਼ੱਕ ਦੇ ਚੋਰ ਭਖਾਇਆ ਐਨਾ ਵੀਰਾਂ ਨੂੰ
ਵੰਡਕੇ ਸੁੱਤੇ ਘੜਿਆਂ ਦਾ ਵੀ ਪਾਣੀ ਰਾਤ
ਧੀਆਂ ਭਾਰ ਸਿਰਾਂ ਦੇ ਮਾਲ ਪਰਾਇਆ ਕਿਉਂ
ਪੁੱਛਦੀ ਪੁੱਛਦੀ ਸੌਂ ਗਈ ਲਾਡੋ ਰਾਣੀ ਰਾਤ
ਮੈਂ ਤੇ ਮੇਰੇ ਵਰਗੇ ਮੇਰੇ ਕਮਲੇ ਨੈਣ
ਪਾਕੇ ਬਹਿ ਗਏ ਪਾਣੀ ਵਿੱਚ ਮਧਾਣੀ ਰਾਤ
ਦਿਲ ਦਾ ਫੱਟ ਕੀ ਅੱਖ ਦੇ ਵਿਹੜੇ ਮਹਿਕ ਪਿਆ
ਮੇਰੇ ਪੈਰੀਂ ਪੈ ਗਈ ਰਾਤ ਦੀ ਰਾਣੀ ਰਾਤ
ਅਨਵਰ ਸਾਹਵਾਂ ਸਰੵ ਦੇ ਤੀਲੇ ਬਣ ਗਈਆਂ
ਮੈਂ ਜਦ ਉਹਨੂੰ ਭੁੱਲ ਜਾਵਣ ਦੀ ਠਾਣੀ ਰਾਤ