ਪੱਕੇ ਵਾਅਦੇ ਕੂੜੇ ਲਾਰੇ ਨਿਕਲੇ ਨੇ

ਪੱਕੇ ਵਾਅਦੇ ਕੂੜੇ ਲਾਰੇ ਨਿਕਲੇ ਨੇ
ਪੱਲੇ ਬੰਨ੍ਹੇ ਫੁੱਲ ਅੰਗਾਰੇ ਨਿਕਲੇ ਨੇ

ਸੂਰਜ ਅੱਧੀ ਰਾਤ ਕਚਹਿਰੀ ਲਾ ਬੈਠਾ
ਸ਼ਿਕਰ ਦੁਪਹਿਰੇ ਅੰਬਰੀਂ ਤਾਰੇ ਨਿਕਲੇ ਨੇ

ਜਦ ਆਪਣੇ ਜੱਗ ਧੁੰਮੇ ਸ਼ਿਅਰ ਫਰੋਲੇ ਮੈਂ
ਵਿੱਚੋਂ ਤੇਰੇ ਬੋਲ ਬੁਲਾਰੇ ਨਿਕਲੇ ਨੇ

ਚੱਸ ਤਾਂ ਰੱਬਾ ਕੰਢ ਨਾ ਲੱਗੇ ਸੱਚੇ ਦੀ
ਇੱਕ ਮੁੱਠ ਹੋਕੇ ਝੂਠੇ ਸਾਰੇ ਨਿਕਲੇ ਨੇ

ਅਨਵਰ ਜਿਹੜੇ ਸੱਜਣ ਸਾਹਾਂ ਵਰਗੇ ਸੀ
ਸਾਹਾਂ ਵਾਂਗੂ ਬੇਇਤਬਾਰੇ ਨਿਕਲੇ ਨੇ