ਸੋਚ ਰਿਆ ਵਾਂ ਕੀਹਨੇ ਮੇਰੀ ਜੂਹ ਦੇ ਤਖ਼ਤ ਸੰਭਾਲੇ

ਸੋਚ ਰਿਆ ਵਾਂ ਕੀਹਨੇ ਮੇਰੀ ਜੂਹ ਦੇ ਤਖ਼ਤ ਸੰਭਾਲੇ
ਸਾਰੇ ਪੱਖੂ ਚਿੱਥਿਆਂ ਖੰਬਾਂ ਟੁੱਟੀਆਂ ਚੁੰਝਾਂ ਵਾਲੇ

ਮੇਰਾ ਵਿਚਲਾ ਪਿੰਡੇ ਦੇ ਇਸ ਮਲਬੇ ਤੇ ਨਈਂ ਵਿਸਦਾ
ਮੈਂ ਦੀਵੇ ਨੂੰ ਫੂਕਾਂ ਮਾਰ ਬੁਝਾਉਂਦੇ ਵੇਖੇ ਆਲੇ

ਮੈਨੂੰ ਮੇਰਾ ਹੋਣਾ ਲਗਦਾ ਹੋਰ ਕਿਸੇ ਦਾ ਹੋਣਾ
ਖ਼ਵਰੇ ਕਿਹੜਾ ਤੇ ਕਦ ਮੈਨੂੰ ਲੈਗਿਆ ਆਪਣੇ ਨਾਲੇ


ਉਹ ਆਇਆ ਤੇ ਕੋਲੋਂ ਤੇਜ਼ ਹਵਾ ਦੇ ਵਾਂਗੂ ਲੰਘਿਆ
ਹੁਣ ਤਕ ਜੀਹਦੇ ਲਈ ਆਪਣੇ ਵਿਚ ਸਾਹ ਦੇ ਦੀਵੇ ਬਾਲੇ

ਅਨਵਰ ਮੈਨੂੰ ਕਿਓਂ ਲਗਦਾ ਏ ਮੈਂ ਓਸੇ ਦਿਨ ਮਰਨਾ
ਜੇਸ ਦਿਹਾੜੇ ਬੇਪਰਵਾਹ ਦੇ ਮੁੱਕਣੇ ਆਲੇ ਟਾਲੇ