ਐਵੇਂ ਤੇ ਨਈਂ ਕੰਢੇ ਉਤੇ ਮਰਿਆ ਸੀ
ਐਵੇਂ ਤੇ ਨਈਂ ਕੰਢੇ ਉਤੇ ਮਰਿਆ ਸੀ
ਮੇਰੇ ਨਾਲੋਂ ਢੇਰ ਪਿਆਸਾ ਦਰਿਆ ਸੀ
ਨਾ ਕਰਦਾ ਰੁਸ਼ਨਾਈਆਂ ਕੈਦੀ ਨਾ ਬਣਦਾ
ਜੁਗਨੂੰ ਆਪਣੇ ਚਾਨਣ ਹੱਥੀਂ ਮਰਿਆ ਸੀ
ਮੈਂ ਤੇ ਕਲਮਕੱਲਾ ਬਾਜ਼ੀ ਹਾਰ ਗਿਆ
ਤੇਰੇ ਨਾਲ਼ ਤੇ ਸਾਰੇ ਜੱਗ ਦੀ ਪਰ੍ਹਿਆ ਸੀ
ਸਾਰੀ ਉਮਰਾਂ ਉਹਦੇ ਹੋਠ ਪਿਆਸੇ ਰਹੇ
ਜਿਦ੍ਹੀਆਂ ਅੱਖਾਂ ਵਿਚੋਂ ਵਗਦਾ ਦਰਿਆ ਸੀ
ਦੁਨੀਆ ਕਿੰਨੇ ਰੂਪ ਵਟਾਏ ਹੋਏ ਸਨ
ਪੱਥਰਾਂ ਦਾ ਮੀਂਹ ਫੁੱਲਾਂ ਵਾਂਗਰ ਵਰ੍ਹਿਆ ਸੀ
ਅੱਖਾਂ ਤੀਕ ਕੁੜੱਤਣ ਕਿਸਰਾਂ ਅੱਪੜ ਗਈ
ਮੈਂ ਤੇ ਦਿਲ ਦੇ ਅੰਦਰ ਹੌਕਾ ਭਰਿਆ ਸੀ
ਰੇਸ਼ਮ ਵਰਗੇ ਲੋਕਾਂ ਡੰਗ ਨਸੀਰ ਲਿਆ
ਮੈਂ ਤੇ ਕਾਲੇ ਸੱਪਾਂ ਕੋਲੋਂ ਡਰਿਆ ਸੀ