ਭਾਵੇਂ ਜਿਹੜੇ ਹੀਲੇ ਮੱਕੇ ਕਾਲ਼ੀ ਰਾਤ ਮੁਕਾ ਈਏ

ਭਾਵੇਂ ਜਿਹੜੇ ਹੀਲੇ ਮੱਕੇ ਕਾਲ਼ੀ ਰਾਤ ਮੁਕਾ ਈਏ
ਆਓ ਰਲ਼ ਮਿਲ ਸੱਜਣੋ ਕਿਧਰੋਂ ਸੂਰਜ ਘੇਰ ਲਿਆ ਈਏ

ਕਾਹਨੂੰ ਆਪਣੀ ਪੇੜ ਕਿਸੇ ਨੂੰ ਦੱਸ ਕੇ ਰੋਗੀ ਕਰੀਏ
ਬੂਟਾ ਸੜਦਾ ਚੰਗਾ ਏ ਕਾਹਨੂੰ ਝੱਲਾਂ ਨੂੰ ਅੱਗ ਲਈਏ

ਨਾ ਮੁਟਿਆਰਾਂ ਰੰਗਲੇ ਪੀੜ੍ਹੇ ਬਹਿ ਕੇ ਚਰਖ਼ੇ ਡਾਹੁਣ
ਨਾ ਹੁਣ ਦੇਸ ਦੇ ਗੱਭਰੂ ਗਾਵਣ ਢੋਲੇ, ਟੱਪੇ, ਮਾਹੀਏ

ਦਿਲ ਦੇ ਅੰਦਰ ਕਦੀਂ ਨਾ ਬਵੀਏ ਬਗ਼ਜ਼ ਕ੍ਰੋਧ ਦੀ ਖੇਤੀ
ਨਾ ਕਾਗ਼ਜ਼ ਦੀਆਂ ਕਬਰਾਂ ਦੇ ਵਿਚ ਅੰਗਿਆਰੇ ਦਫ਼ਨਾ ਈਏ

ਭਾਵੇਂ ਜਿੰਨਾ ਪਿਆਰ ਖ਼ਲੂਸ ਮੁਨਾਫ਼ਿਕ ਦੇ ਵਿਚ ਹੋਵੇ
ਮੋਹਰਾ ਓੜਕ ਮੋਹਰਾ ਏ, ਭਾਵੇਂ ਜਿੰਨਾ ਮਿੱਠਾ ਪਾਈਏ

ਕੰਮ ਜ਼ਰਫ਼ੀ ਏ ਦਿਲ ਦਾ ਰੋਗ ਨਸੀਰ ਕਿਸੇ ਨੂੰ ਦੱਸਣਾ
ਵਾਂਗ ਸਮੁੰਦਰ ਦਰਿਆਵਾਂ ਨੂੰ ਚੁੱਪ ਕਰਕੇ ਪੀ ਜਾਈਏ