ਮੈਨੂੰ ਪੂਰੇ ਦੇਸ ਦੀ ਚਿੰਤਾ, ਉਹਨੂੰ ਖ਼ਤਰਾ ਘਰ ਦਾ ਏ

ਮੈਨੂੰ ਪੂਰੇ ਦੇਸ ਦੀ ਚਿੰਤਾ, ਉਹਨੂੰ ਖ਼ਤਰਾ ਘਰ ਦਾ ਏ
ਟੋਟੇ ਕਰ ਕੇ ਜਿਹੜਾ ਸ਼ੀਸ਼ਾ ਕੰਧਾਂ ਦੇ ਵਿਚ ਭਰਦਾ ਏ

ਭੁੱਖੀਆਂ ਵਾਂਗੂੰ ਸੂਰਜ ਵੀ ਸਰਮਾਇਆਦਾਰ ਤੋਂ ਡਰਦਾ ਏ
ਝੁੱਗੀਆਂ ਨਾਲੋਂ ਪਹਿਲਾਂ ਚਾਨਣ ਮਹਿਲਾਂ ਅਤੇ ਕਰਦਾ ਏ

ਇਸ ਬੰਦੇ ਦੀ ਤਨਹਾਈ ਦਾ ਤੈਨੂੰ ਕੀ ਅੰਦਾਜ਼ਾ ਏ
ਆਪੇ ਗੱਲਾਂ ਕਰਦਾ ਜਿਹੜਾ ਆਪ ਹੁੰਗਾਰੇ ਭਰਦਾ ਏ

ਉਹਦੇ ਨਾਲ਼ ਨਿਭਾਨੀ ਪੇ ਗਈ ਵੇਲੇ ਦੀ ਮਜਬੂਰੀ ਏ
ਗੱਲ ਗਲ ਨਾਲ਼ ਵਿਗੜਦਾ ਜਿਹੜਾ ਗੱਲ ਗੱਲ ਨਾਲ਼ ਸਨੌਰ ਦਾ ਏ

ਥੋੜੇ ਪਾਣੀ ਹੋਵੇ ਕੰਢੇ ਸੀਨਾ ਤਾਣ ਖਲੋਂਦੇ ਨੇਂ
ਇਧਰ ਉਧਰ ਵਾਲਾ ਕੰਢਾ ਤੂਫ਼ਾਨਾਂ ਤੋਂ ਡਰਦਾ ਏ

ਹਾਰੇ ਨੂੰ ਹੀਰਾ ਕਹਿੰਦੇ ਨੇਂ ਇਹ ਪਰ ਗੱਲ ਏ ਉਹਦੇ ਲਈ
ਜਿਹੜਾ ਬਾਜ਼ੀ ਜਿੱਤ ਸਕਦਾ ਏ, ਸੱਜਣਾਂ ਪਿੱਛੇ ਹਿਰਦਾ ਏ