ਸਾਡੇ ਕਾਹਦੇ ਹੀਲੇ ਨੇ

ਸਾਡੇ ਕਾਹਦੇ ਹੀਲੇ ਨੇ
ਹੜ੍ਹ ਦੇ ਅੱਗੇ ਤੀਲੇ ਨੇ

ਬੁੱਕਲ ਵਿਚ ਰੋ ਲੈਂਦੇ ਨੇ
ਦਰਦ ਬੜੇ ਸ਼ਰਮੀਲੇ ਨੇ

ਵੇਲ਼ਾ ਆਇਆ ਤੇ ਨੱਸ ਗਏ
ਯਾਰ ਬੜੇ ਫੁਰਤੀਲੇ ਨੇ

ਰੇਸ਼ਮ ਵਰਗੇ ਲੋਕਾਂ ਦੇ
ਬੋਲ ਬੜੇ ਪਥਰੀਲੇ ਨੇ

ਹੰਝੂਆਂ ਵਾਂਗਰ ਸੱਪਾਂ ਦੇ
ਬੱਚੇ ਵੀ ਜ਼ਹਿਰੀਲੇ ਨੇ

ਦੁੱਖਾਂ ਬਾਂਝ ਨਸੀਰ ਤੁਰੇ
ਕਿਹੜੇ ਹੋਰ ਕਬੀਲੇ ਨੇ