ਭੁੱਟੋ ਦੀ ਵਾਰ

ਨਸਰੀਨ ਅੰਜੁਮ ਭੱਟੀ

ਮੈਂ ਮਿਰਜ਼ਾ ਸਾਗਰ ਸਿੰਧ ਦਾ ਮੇਰੀ ਰਾਵਲ ਜੰਞ ਚੜ੍ਹੀ
ਮੈਂ ਟੁਰਿਆ ਸੂਲੀ ਚੁੰਮ ਕੇ ਮੈਨੂੰ ਇਹੋ ਰੀਤ ਬੜੀ
ਮੈਂ ਪੀਵਾਂ ਭਰ ਭਰ ਚੱਲੀਆਂ ਜ਼ਹਿਰ ਤ੍ਰੈਹਾਂ ਲੜੀ
ਚੋਲੇ ਲੱਥੇ ਇਨਸਾਫ਼ ਦੇ ਖ਼ਲਕਤ ਹੈਰਾਨ ਖੜੀ
ਮੈਂ ਇੱਕ ਪੀੜ੍ਹੀ ਦਾ ਸੂਰਮਾਂ ਤੇ ਅੱਠਾਂ ਦਾ ਸਰਦਾਰ
ਮੈਂ ਉੱਡ ਅਸਮਾਨੀਂ ਚਲੀਆਂ ਤੇ ਮੇਰਾ ਨਾਮ ਉਡਾਰ
ਮੇਰੀ ਇਸ਼ਕ ਦੇ ਨਾਲ਼ ਅਸ਼ਨਾਈ, ਮੇਰੀ ਨਾਬਰੀ ਨਾਲ਼ ਉਮੰਗ
ਮੇਰੀ ਚੋਰਾਂ ਨਾਲ਼ ਚਤੁਰਾਈ ਮੇਰੀ ਨਾਲ਼ ਕਸਾਈਆਂ ਜੰਗ
ਮੇਰੀ ਅੱਡੀ ਖ਼ਬਰ ਖ਼ੁਦਾਏ ਤੀਕ ਮੇਰਾ ਵੇਲ਼ਾ ਹੋਇਆ ਤੰਗ
"ਮੈਂ ਬਾਝ ਭਰਾਵਾਂ ਮਾਰਿਆ ਮੇਰਾ ਤਰਕਸ਼ ਟੰਗਿਆ ਈ ਜੰਡ"
ਮੈਂ ਸ਼ਹੀਦ ਸ਼ਹਾਦਤ ਚੱਖਣਾ ਮੈਨੂੰ ਖੱਬੇ ਪਾਸੇ ਰੱਖਣਾ
ਮੈਂ ਲੰਘ ਦਰਿਆਉਂ ਚਲੀਆਂ ਮੇਰੀ ਸਭਨਾਂ ਤਾਈਂ ਗੰਢ
ਮੈਂ ਝੂਮਰ ਖੇਡਾਂ ਖੇਡਦਾ ਏਸ ਜੋ ਹੂੰ ਲੰਘਿਆ ਪਾਰ
ਹੁਣ ਪਿੱਛਾ ਨਹਾ ਨਾ ਮੁੜ ਕੇ ਵੇਖਣਾ ਰਹਿ ਜਾਣਾ ਨਾ ਉਰਾਰ
ਮੈਂ ਮਿਰਜ਼ਾ ਸਾਗਰ ਸਿੰਧ ਦਾ ਮੇਰੀ ਰਾਵਲ ਜੰਞ ਚੜ੍ਹੀ
ਮੈਂ ਟੁਰਿਆ ਸੂਲੀ ਚੁੰਮ ਕੇ ਮੇਰੇ ਸਿਰ ਤੇ ਮੌਤ ਖੁੱਲ੍ਹੀ
ਮੈਂ ਆਪਣੇ ਬੋਲ ਵਿਆਹੁਣੇ ਮੈਂ ਆਪ ਚੜ੍ਹਾਈ ਜੰਞ
ਮੈਂ ਪਾਈ ਮੌਤ ਨੂੰ ਨੱਥਣੀ ਮੈਂ ਰਾਜ਼ੀ ਕੀਤੇ ਰੰਜ
ਮੈਂ ਸੱਚ ਸੁਹਾਗਣ ਕਰ ਕੇ ਕਰ ਦਿੱਤੀ ਇਹ ਪਛਾਣ!
ਉਹ ਜੀਵਨ ਜੱਗ ਤੇ ਸੂਰਮੇ ਬਣ ਜਾਂਦੇ ਜੋ ਅਖਾਣ
ਮੈਂ ਮਿਰਜ਼ਾ ਸਾਗਰ ਸਿੰਧ ਦਾ ਮੈਨੂੰ ਮਾਣੇ ਜੱਗ ਜਹਾਨ
ਕਾਲੀਆਂ ਕੁੱਕੜਾਂ ਬਾਂਗਾਂ ਦਿੱਤੀਆਂ ਰਾਤ ਦੇ ਟੋਟੇ ਚਾਰ
ਟੰਗ ਮੁਨਾਰੇ ਚਾਨਣੀ ਚੰਨ ਲੱਥਾ ਜਿਉਂ ਤਲਵਾਰ
ਰਾਤ ਹਨੇਰੀ ਕਹਿਰ ਦੀ ਤੇ ਹੰਝੂਆਂ ਵਾਂਗਰ ਲੌ
ਅੱਜ ਚੰਨ ਮੈਥੋਂ ਸ਼ਰਮਾ ਗਿਆ ਤੇ ਉਹਲੇ ਰਿਹਾ ਖਲੋ
ਮੇਰੇ ਮੁੱਖ ਤੇ ਫੰਦਾ ਝੂਲਦਾ ਤੇ ਕੰਬੇ ਪਿਆ ਜੱਲਾਦ
ਮੇਰੀ ਅੱਖੀਂ ਲਾਲੀ ਅੰਤ ਦੀ ਮੈਂ ਫੜੀ ਅੰਤ ਦੀ ਵਾਗ
ਤੇ ਉੱਡ ਟਟੀਹਰੀ ਜਾਣ ਦੀ ਅਸਮਾਨੀਂ ਟੰਗ ਖੁੱਲ੍ਹੀ
ਮੈਂ ਕਲਾ ਲਾੜ੍ਹਾ ਮੌਤ ਦਾ ਮੇਰੀ ਕਲੀਆਂ ਜੰਞ ਚੜ੍ਹੀ
ਮੇਰੇ ਸਿਰ ਤੇ ਲਾਵੋ ਕਲਗ਼ੀਆਂ ਤੇ ਗਲ ਵਿਚ ਹਾਰ ਹਮੇਲ
ਮੇਰਾ ਚੋਲਾ ਰੰਗ ਦਿਓ ਰੱਤੜਾ ਮੇਰੀ ਅਜਰਕ ਘੱਲੋ ਜੇਲ੍ਹ
ਨੀ ਸੁਣ ਸਾਹਿਬਾਨ ਪੰਜਾ ਬਣੇ! ਅਸਮਾਨੀਂ ਹੋਸਨ ਮੇਲ!
ਮੈਂ ਅੱਥਰੂ ਥਲ ਦੀ ਰੀਤ ਦਾ ਅੱਜ ਵਸਾਂ ਵਾਂਗ ਤ੍ਰੇਲ
ਮੈਂ ਪੜ੍ਹੀ ਪੜ੍ਹਾਈ ਮੌਤ ਦੀ ਮੇਰੇ ਪੈਰੀਂ ਕਾਲ਼ ਧਮਾਲ
ਮੇਰੀ ਅੱਖੀਂ ਅੱਥਰੂ ਚਾਨਣਾ ਮੇਰੀ ਸਾਂਝ ਹਉਕਿਆਂ ਨਾਲ਼
ਮੈਨੂੰ ਧਰਤੀ ਲੱਗੇ ਉੱਡਦੀ ਮੇਰੇ ਪੈਰਾਂ ਹੇਠ ਅਸਮਾਨ
ਮੇਰੀ ਅੱਖੀਂ ਸੁਨੇਹੇ ਗੁਝੜੇ ਮੇਰੀ ਤਲੀਆਂ ਉਤੇ ਜਾਣ
ਮੇਰੇ ਸੁਫ਼ਨੇ ਵੇਖਣ ਵਾਲਿਓ ਮੈਂ ਸੁਫ਼ਨਾ ਬਣ ਖੁੱਲ੍ਹਾਂ
ਮੈਂ ਸੱਤਾਂ ਨਿੰਦਰ ਜਾਗਦੀ ਮੈਂ ਉਠੀਆਂ ਮੌਤ ਸਵੇਰ
ਮੇਰੇ ਅੱਗੇ ਪਿੱਛੇ ਨਿਰਿਆਂ ਤੇ ਘੇਰੇ ਚਾਰ ਚੌਫ਼ੇਰ
ਮੈਨੂੰ ਮਾਨਣ ਵਾਲੇ ਸੰਗ ਓਏ ਅੱਜ ਪੱਤਣੋਂ ਦੂਰ ਖੜੇ
ਮੈਂ ਅੱਜ ਦੀ ਰਾਤ ਪ੍ਰਾਹੁਣਾ ਮੈਨੂੰ ਵਿਦ ਈਆ ਕੌਣ ਕਰੇ
ਮੈਂ ਸਾਂਵਲ ਨੀਲੀ ਬਾਰ ਦਾ ਮੇਰੀ ਅਜ਼ਲਾਂ ਕੂਕ ਪੜੀ
ਮੈਂ ਮਿਰਜ਼ਾ ਮਹਰਾਨ ਦਾ ਮੇਰੀ ਮੇਰੀ ਰਾਵਲ ਜੰਞ ਚੜ੍ਹੀ!
ਮੈਂ ਕੱਲੀ ਕੂਕ ਈਮਾਨ ਦੀ ਮੇਰੇ ਸੱਜੇ ਖੱਬੇ ਕੂੜ
ਮੈਂ ਕੰਢੇ ਬਲਦਾ ਦਿਓੜਾ ਤਾਰਾਂ ਬੀੜੀ ਦੇ ਪੂਰ
ਮੇਰੀ ਲੋਏ ਲੰਘੋ ਬੇਲੀਉ! ਮੈਂ ਲਾਈ ਘਰ ਨੂੰ ਅੱਗ
ਮੈਂ ਚਾਨਣ ਕਰਾਂ ਹਨੇਰ ਨੂੰ ਮੇਰਾ ਚਾਨਣ ਮਾਣੇ ਜੱਗ
ਮੇਰੀ ਚੁੱਪ ਨਾਲ਼ ਪਾਟਣ ਕਾਲਜੇ ਮੇਰੀ ਧੁੰਮ ਨਾਲ਼ ਕੰਬਣ ਥਲ
ਮੈਨੂੰ ਰੋਵਣ ਸੱਸੀਆਂ ਸੋਹਣੀਆਂ ਮੈਂ ਹਰ ਹਰ ਅੱਜ ਦੀ ਕੱਲ੍ਹ
ਬੇਲੀਉ ਤਿੱਤਰ ਬੋਲਣ ਬਾਰ ਦੇ ਤੇ ਵੇਲ਼ਾ ਰਿਹਾ ਖਲੋ!
ਰਾਤ ਉਦਾਸੀਆਂ ਮੁੱਲ ਲਈ ਤੁਸਾਂ ਸੁੱਤੇ ਰਹਿ ਗਿਓ!
ਮੈਂ ਇੱਕ ਇਕੱਲਾ ਜਾਗਦਾ ਤੇ ਮੇਰੀ ਸੇਜ ਮੈਦਾਨ
ਢੋਲ ਨਗਾਰੇ ਮੌਤ ਦੇ ਕਿਹੜਾ ਸਣੇ ਜਵਾਨ
ਮੇਰੇ ਸੱਜਣੋ ਬੇਲੀਉ ਸੁੱਤਿਓ! ਇਸ ਨਿੰਦਰ ਦੇ ਕੁਰਬਾਨ
ਕੰਢਿਆਂ ਮੁਡ਼ ਤੁਰਦੀ ਪਾਲਕੀ ਮੈਂ ਵਿਚ ਵੱਗਾਂ ਮਹਰਾਨ
ਮੈਂ ਮਿਰਜ਼ਾ ਸਾਗਰ ਸਿੰਧ ਦਾ ਹਨੇਰਾਂ ਦੀ ਈਮਾਨ
ਮੇਰੇ ਸਿਰ ਤੇ ਮੋਹਦਾ ਕਾਸੜਾ ਅਖਵਾਵੇ ਨਾਂ ਅਸਮਾਨ
ਮੇਰੀ ਅਜਰਕ ਲਾਲ਼ ਹਨੇਰੀ ਮੇਰੀ ਟੋਪੀ ਲੱਜ ਕਿਸਾਨ!
ਮੈਂ ਆਨ ਹਥੌੜੇ ਹੱਥ ਦੀ, ਮੈਂ ਅੱਜ ਕਲਮਾਨ ਦਾ ਮਾਣ
ਮੈਂ ਜਸ਼ਨ ਮਨਾਵਾਂ ਮੌਤ ਦਾ ਮੈਂ ਹਰ ਹਾਣੀ ਦਾ ਹਾਣ
ਮੇਰੇ ਹੱਥੀਂ ਤੰਦ ਤਕਦੀਰ ਦੀ ਤੇ ਰੰਗਲੀ ਰੰਗ ਚੜ੍ਹੀ
ਮੈਂ ਮਿਰਜ਼ਾ ਸਾਗਰ ਸਿੰਧ ਦਾ ਮੇਰੀ ਰਾਵਲ ਜੰਞ ਚੜ੍ਹੀ
ਮੈਂ ਝੂਟੇ ਲੈ ਲਏ ਮੌਤ ਦੇ ਮੈਂ ਚਾੜ੍ਹੀ ਪੀਂਘ ਸਵੀਲ
ਮੈਂ ਸ਼ਾਹ ਹੁਸੈਨ ਦੀ ਆਜ਼ਜ਼ੀ ਮੈਂ ਸ਼ਾਹ ਲਤੀਫ਼ ਦੀ ਵੇਲ
ਮੇਰੇ ਦੁਸ਼ਮਣ ਲਿਖਣ ਅਦਾਲਤਾਂ ਮੇਰੇ ਸੱਜਣਾਂ ਖ਼ਬਰ ਪੜ੍ਹੀ
ਮੈਂ ਮਿਰਜ਼ਾ ਸਾਗਰ ਸਿੰਧ ਦਾ ਮੇਰੀ ਜੰਞ ਚੜ੍ਹਿ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਨਸਰੀਨ ਅੰਜੁਮ ਭੱਟੀ ਦੀ ਹੋਰ ਸ਼ਾਇਰੀ