ਛੱਡੋ ਕਿੱਸੇ ਦੇਵਤਿਆਂ ਦੇ, ਇਸ ਦੁਨੀਆਂ ਦੀ ਬਾਤ ਕਰੋ

ਛੱਡੋ ਕਿੱਸੇ ਦੇਵਤਿਆਂ ਦੇ, ਇਸ ਦੁਨੀਆਂ ਦੀ ਬਾਤ ਕਰੋ।
ਸੱਜਰੀਆਂ ਘਟਨਾਵਾਂ ਦੇਖੋ, 'ਬੋਸਨੀਆਂ' ਦੀ ਬਾਤ ਕਰੋ।

ਹਾਲੇ ਵੀ ਵਿਸ ਘੋਲੇ ਜਿੱਥੇ, ਮਰਿਆ ਸੱਪ ਜ਼ਮਾਨੇ ਦਾ,
ਜੂਝ ਰਹੇ ਨੇ ਲੋਕੀ ਜਿੱਥੇ, 'ਚੇਚਨੀਆਂ' ਦੀ ਬਾਤ ਕਰੋ।

ਪੱਤਝੜ ਤੇ ਹੰਝੂ ਨਾ ਕੇਰੋ, ਆਈ ਹੈ ਮੁੜ ਜਾਵੇਗੀ,
ਆਈਆਂ ਨੇ ਜੋ ਸੁੱਕਣ ਤੇ, ਫ਼ਸਲਾਂ ਹਰੀਆਂ ਦੀ ਬਾਤ ਕਰੋ।

ਅੱਗ-ਬਗੋਲਾ ਹੋਇਆ ਟੁਕੜਾ, ਰਹਿ ਨਾ ਜਾਵੇ ਧਰਤੀ ਦਾ,
ਚੱਪੇ-ਚੱਪੇ ਉੱਤੇ ਜਾ ਕੇ, ਦੋਸਤੀਆਂ ਦੀ ਬਾਤ ਕਰੋ।

ਵਿਹਲੇ ਹੋ ਕੇ ਲੱਭ ਲਵਾਂਗੇ, ਕਾਰਨ ਬੰਬ-ਬਲਾਸਟ ਦਾ,
ਇੱਧਰ-ਉੱਧਰ ਖਿੰਡੀਆਂ ਪਈਆਂ, ਆਂਤੜੀਆਂ ਦੀ ਬਾਤ ਕਰੋ।

ਭੁਗਤ ਚੁੱਕਾ ਜੋ ਸਾਰਾ ਜੀਵਨ, ਉਸ ਨੂੰ ਏਥੋਂ ਤੁਰਨ ਦਿਉ,
ਜੀਣ ਲਈ ਰੋ ਰਹੀਆਂ ਉਮਰਾਂ, ਤੋਤਲੀਆਂ ਦੀ ਬਾਤ ਕਰੋ।

ਦੇਖ ਲਵਾਂਗੇ ਸ਼ਾਜ਼ਿਸ ਪਿੱਛੇ, ਹੱਥ ਬਿਗਾਨੇ ਲੋਕਾਂ ਦਾ,
ਪਹਿਲਾਂ ਆਪਸ ਦੇ ਵਿਚ ਵਧਦੇ, ਫ਼ਾਸਲਿਆਂ ਦੀ ਬਾਤ ਕਰੋ।

ਫੇਰ ਕਿਤੋਂ ਮੁੜ ਕੇ ਆਈ ਹੈ, ਦਿਲ ਵਿਚ ਦੇਵੀ ਯਾਦਾਂ ਦੀ,
ਸ਼ਰਧਾਵਾਂ ਦੇ ਟੱਲ ਵਜਾਉ, ਆਰਤੀਆਂ ਦੀ ਬਾਤ ਕਰੋ।

ਵਰ੍ਹਿਆਂ ਪਿੱਛੋਂ ਪਰਤ ਰਿਹਾ ਹੈ, ਮਹਿਰਮ 'ਨੂਰ ਮੁਹੰਮਦ' ਦਾ,
ਛੱਤਾਂ ਉੱਤੇ ਦੀਪ ਜਲਾਉ, ਰੋਸ਼ਨੀਆਂ ਦੀ ਬਾਤ ਕਰੋ।