ਐਨਾ ਛੋਟਾ ਘੇਰਾ ਨਾ ਕਰ ਬਾਹਾਂ ਦਾ

ਐਨਾ ਛੋਟਾ ਘੇਰਾ ਨਾ ਕਰ ਬਾਹਾਂ ਦਾ।
ਰੌਕਟ ਦਾਗ਼ ਦਵਾਂਗਾ ਭਖੀਆਂ ਆਹਾਂ ਦਾ।

ਨਜ਼ਰਾਂ ਦੀ 'ਏ. ਕੇ. ਸੰਤਾਲੀ' ਚੱਲਣੀ ਨਹੀਂ,
ਦਿਲ ਹੈ ਖੋਜੀ-ਕੁੱਤਾ ਭੇਤੀ ਰਾਹਾਂ ਦਾ।

ਮਨ ਦੀ 'ਸੈਟੀ-ਲਾਇਟ' ਟਿਕਾ ਕੇ ਪਰਖਾਂਗੇ,
ਕਿਸ ਤੇ ਸੁੱਟਦਾ ਏਂ ਤੂੰ ਬੰਬ ਨਿਗਾਹਾਂ ਦਾ?

ਜੰਗ ਛਿੜੀ ਹੈ ਜਦ ਤੋਂ ਨੈਣਾਂ-ਨੈਣਾਂ ਦੀ,
ਅਸਲਾ-ਖ਼ਾਨਾ ਗਰਮ ਦਿਸੇ ਅਫ਼ਵਾਹਾਂ ਦਾ।

'ਲੰਕਾ' ਵਾਂਗੂੰ ਸਾੜੇ ਦਿਲ ਦੀ ਧਰਤੀ ਨੂੰ,
ਘੱਲੇ ਜਦ ਉਹ ਬੁੱਲ੍ਹਾ ਤੱਤੇ ਸਾਹਾਂ ਦਾ।

ਰੂਪ ਦੀਆਂ ਤਪੀਆਂ ਬਾਰੂਦੀ ਸੁਰੰਗਾਂ ਨੂੰ,
ਲੰਘੇ ਕਿੱਦਾਂ 'ਬਕਤਰ-ਬੰਦ' ਨਿਗਾਹਾਂ ਦਾ?

'ਐਟਮ-ਬੰਬ' ਬਣਾਉ ਇੱਕ ਗ਼ਜ਼ਲਾਂ ਦਾ 'ਨੂਰ',
ਫਟ ਕੇ ਪਾਜ ਉਧੇੜੇ ਜਿਹੜਾ ਸ਼ਾਹਾਂ ਦਾ।