ਖੋਜ

ਅਮਨਾਂ ਦੀ ਬਾਤ ਹੋਵੇ ਜਿੱਥੇ ਉਹ ਸ਼ਹਿਰ ਲੱਭੋ।

ਅਮਨਾਂ ਦੀ ਬਾਤ ਹੋਵੇ ਜਿੱਥੇ ਉਹ ਸ਼ਹਿਰ ਲੱਭੋ। ਨਫ਼ਰਤ ਨੂੰ ਮਾਰ ਦੇਵੇ ਜਿਹੜੀ ਉਹ ਜ਼ਹਿਰ ਲੱਭੋ। ਜਿਹੜੀ ਦਿਲਾਂ 'ਚ ਫ਼ੈਲੇ ਮਾਰੂਥਲਾਂ ਨੂੰ ਸਿੰਜੇ, ਆਬੇ-ਹਿਆਤ ਵਰਗੇ ਸ਼ਰਬਤ ਦੀ ਨਹਿਰ ਲੱਭੋ। ਮਾਰਾਂਗੇ ਹਾਅ ਦਾ ਨਾਅਰਾ ਹਰ ਜ਼ਿੰਦਗੀ ਦੀ ਖ਼ਾਤਰ, ਹੁੰਦਾ ਹੈ ਜਿਸ ਜਗ੍ਹਾ ਵੀ ਦੁਨੀਆ ਤੇ ਕਹਿਰ ਲੱਭੋ। ਕੰਢੇ ਲਿਜਾਣ ਖ਼ਾਤਰ ਕਿਸ਼ਤੀ ਇਰਾਦਿਆਂ ਦੀ, ਸਮਝੇ ਜੋ ਚੱਪੂਆਂ ਦੀ ਭਾਸ਼ਾ ਉਹ ਲਹਿਰ ਲੱਭੋ। ਝੱਖੜ ਤਾਂ ਤੁਰ ਗਿਆ ਹੈ ਗੁੱਸਾ ਦਿਖਾ ਕੇ ਅਪਣਾ, ਆਪਸ ਦੇ ਰਿਸ਼ਤਿਆਂ 'ਚੋਂ ਸੁੱਖਾਂ ਦੇ ਪਹਿਰ ਲੱਭੋ। ਬੇਫ਼ਿਕਰ ਹੋ ਕੇ ਘੁੰਮਣ ਵੱਡੇ ਅਤੇ ਨਿਆਣੇ, ਲੱਗੇ ਨਾ ਸੇਕ ਜਿਸ ਦਾ ਐਸੀ ਦੁਪਹਿਰ ਲੱਭੋ। ਲਿਖਦੇ ਰਹੋਗੇ ਕਦ ਤੱਕ ਮਹਿਬੂਬ ਤੇ ਕਸੀਦੇ, ਦੁਨੀਆਂ ਦਾ ਅਕਸ ਝਾਕੇ ਜਿਸ ਵਿਚ ਉਹ ਬਹਿਰ ਲੱਭੋ। ਭਟਕੋਗੇ 'ਨੂਰ' ਕਦ ਤੱਕ ਗੂੜ੍ਹੇ ਹਨੇਰਿਆਂ ਵਿਚ, ਚਾਨਣ-ਮੁਨਾਰਿਆਂ ਦੀ ਟੀਸੀ ਤੇ ਠਹਿਰ ਲੱਭੋ।

See this page in:   Roman    ਗੁਰਮੁਖੀ    شاہ مُکھی