ਅੱਥਰੂ-ਭਿੱਜੀ ਜਦ ਮੇਰੀ ਤਹਿਰੀਰ ਛਪੀ

ਅੱਥਰੂ-ਭਿੱਜੀ ਜਦ ਮੇਰੀ ਤਹਿਰੀਰ ਛਪੀ।
ਇੱਕ ਹੁਸੀਨਾ ਦੀ ਉੱਪਰ ਤਸਵੀਰ ਛਪੀ।

ਤਾਂਡਵ-ਨਾਚ ਨਚਾਉਂਦੀ ਫਿਰਦੀ ਬੰਦੇ ਨੂੰ,
ਹੱਥਾਂ 'ਤੇ ਕਿਸਮਤ ਦੀ ਇੱਕ ਲਕੀਰ ਛਪੀ।

ਭਾਵੇਂ ਸਦੀਆਂ ਪਹਿਲਾਂ ਉਸ ਦੀ ਹੀਰ ਛਪੀ,
ਹੁਣ ਤੱਕ ਦੇ ਸਾਹਿਤ ਦਾ ਬਣ ਕੇ ਪੀਰ ਛਪੀ।

ਜਦ ਵੀ ਸੱਚੇ ਹਾਲ ਉਲੀਕੇ ਜੀਵਨ ਦੇ,
ਮੇਰੀ ਇੱਜ਼ਤ ਹੋ ਕੇ ਲੀਰੋ-ਲੀਰ ਛਪੀ।

ਲਿਖ ਦਿੱਤਾ ਜੋ ਤੱਕਿਆ ਹਾਲ ਗ਼ਰੀਬਾਂ ਦਾ,
ਧਨਵਾਨਾਂ ਨੂੰ ਰਚਨਾ ਬਣ ਕੇ ਤੀਰ ਛਪੀ।

ਸਮਝਣਗੇ ਸਭ ਸ਼ੇਅਰਾਂ ਦੀ ਡੂੰਘਾਈ ਨੂੰ,
ਤੇਰੀ ਰਾਮ-ਕਹਾਣੀ ਜਿਸ ਦਿਨ 'ਮੀਰ' ਛਪੀ।

ਦੁੱਖਾਂ, ਸੁੱਖਾਂ, ਹਿਜਰ-ਮਿਲਾਪਾਂ ਸਭ ਦੀ 'ਨੂਰ',
'ਯਾਦਾਂ ਦੇ ਅੱਖਰ ਬਣ ਕੇ ਤਸਵੀਰ ਛਪੀ।