ਦਿਲ ਕਰਦਾ ਹੈ ਨਾਲ ਤਿਰੇ ਮੈਂ, ਬਹਿ ਕੇ ਕੋਈ ਬਾਤ ਕਰਾਂ

ਦਿਲ ਕਰਦਾ ਹੈ ਨਾਲ ਤਿਰੇ ਮੈਂ, ਬਹਿ ਕੇ ਕੋਈ ਬਾਤ ਕਰਾਂ।
ਬੈਠੇ ਬੈਠੇ ਸ਼ਾਮਾਂ ਹੋਵਣ, ਰਾਤ ਪਵੇ, ਪ੍ਰਭਾਤ ਕਰਾਂ।

ਜਦ ਬਿਰਹਾ ਦਾ ਸੂਰਜ ਚੜ੍ਹ ਕੇ, ਸਾੜੇ ਦਿਲ ਦੀ ਧਰਤੀ ਨੂੰ,
ਤੇਰੇ ਵਾਲਾਂ ਉਹਲੇ ਹੋ ਕੇ, ਮੈਂ ਸੂਰਜ ਨੂੰ ਝਾਤ ਕਰਾਂ।

ਆ ਕੇ ਪੁੱਛੇਂ, ਤਾਂ ਮੈਂ ਦੱਸਾਂ, ਤੈਨੂੰ ਦੁੱਖ ਜੁਦਾਈ ਦਾ,
ਤੇਰੇ ਬਾਝੋਂ ਨਾਲ ਕਿਨ੍ਹਾਂ ਦੇ, ਦਿਲ ਦੀ ਗੁੱਝੀ ਬਾਤ ਕਰਾਂ।

ਬੁੱਲ੍ਹਾਂ ਤੋਂ ਦੱਸੀ ਨਾ ਜਾਵੇ, ਜੇਕਰ ਪੀੜ ਜੁਦਾਈ ਦੀ,
ਕੋਸੇ ਹੰਝੂਆਂ ਦਾ ਬੁੱਕ ਭਰ ਕੇ, ਤੈਨੂੰ ਪੇਸ਼ ਸੁਗ਼ਾਤ ਕਰਾਂ।

ਬਣ ਕੇ 'ਹੀਰ-ਸਲੇਟੀ' ਜੇ ਤੂੰ, ਸਾਥ ਦਵੇਂ ਮੁਸਕਾਨਾਂ ਦਾ,
ਸੱਸੀ, ਸੋਹਣੀ, ਸ਼ੀਰੀਂ ਦੇ ਪਰਚੱਲਤ ਕਿੱਸੇ ਮਾਤ ਕਰਾਂ।

ਉਹ ਰਾਹ ਚੱਲਾਂ ਜੋ ਰਾਹ ਦੱਸੇ, ਮੈਨੂੰ ਦੂਰ-ਅੰਦੇਸ਼ਾਂ ਨੇ,
ਤੱਥਾਂ ਦੀ ਸੱਚਾਈ ਖ਼ਾਤਰ, ਪੇਸ਼ ਕਿਵੇਂ 'ਸੁਕਰਾਤ' ਕਰਾਂ?

ਦਿਲ ਦਾ ਸੌਦਾ ਕਰਨ ਸਮੇਂ ਨਾ, ਪਰਖਾਂ ਊਚਾਂ-ਨੀਚਾਂ ਨੂੰ,
ਦਿਲਬਰ ਭਾਵੇਂ ਕੁੱਝ ਵੀ ਹੋਵੇ, ਮੈਂ ਨਾ ਜ਼ਾਤ-ਕੁਜ਼ਾਤ ਕਰਾਂ।

ਨਾ ਮੇਰੇ ਪੁਰਖਾਂ ਨੇ ਦੱਸਿਆ, ਨਾ ਸਾਡੀ ਤਹਿਜ਼ੀਬ ਕਹੇ,
ਅਪਣੇ ਯਾਰਾਂ-ਮਿਤਰਾਂ ਦੇ ਸੰਗ, ਵਾਅਦਾ ਕਰ ਕੇ ਘਾਤ ਕਰਾਂ।

ਯਾਰ ਕਦੇ ਮਹਿਫ਼ਲ ਵਿਚ ਆਵੇ, ਪੁੰਗਰਨ ਯਾਦਾਂ 'ਨੂਰ' ਦੀਆਂ,
ਪਿਆਰ-ਭਰੇ ਮੌਸਮ ਦਾ ਕਿੱਸਾ, ਲਿਖਦਾ-ਲਿਖਦਾ ਰਾਤ ਕਰਾਂ।