ਫ਼ਾਸਲੇ ਦਿਲ ਦੇ ਲਮੇਰੇ, ਕੀ ਕਰਾਂ?

ਫ਼ਾਸਲੇ ਦਿਲ ਦੇ ਲਮੇਰੇ, ਕੀ ਕਰਾਂ?
ਬੈਠ ਕੇ ਮੈਂ ਨਾਲ ਤੇਰੇ, ਕੀ ਕਰਾਂ?

ਸੋਚਦਾ ਹਾਂ ਰਾਤ ਨੂੰ ਰੁਸ਼ਨਾ ਲਵਾਂ,
ਖ਼ਾਰ ਖਾਂਦੇ ਨੇ ਹਨੇਰੇ, ਕੀ ਕਰਾਂ?

ਜਦ ਕਦੇ ਪੈਰਾਂ ਨੇ ਠਾਣੀ ਤੁਰਣ ਦੀ,
ਮਘਦਿਆਂ ਨੈਣਾਂ ਨੇ ਘੇਰੇ, ਕੀ ਕਰਾਂ?

ਕਰਨ ਨਾ ਰੋਸ਼ਨ ਜੋ ਨ੍ਹੇਰੀ ਰਾਤ ਨੂੰ,
ਮੈਂ ਤੇਰੇ ਸੁੰਦਰ-ਸਵੇਰੇ, ਕੀ ਕਰਾਂ?

ਘੂਰਦੀ ਹਰ ਰਾਤ ਜ਼ੁਲਫ਼ਾਂ ਖੋਲ੍ਹ ਕੇ,
ਦੇਖ ਕੇ ਸੁਫ਼ਨੇ ਵਧੇਰੇ, ਕੀ ਕਰਾਂ?

ਸੁੰਨੀਆਂ ਪਈਆਂ ਨੇ ਗਲੀਆਂ ਦਿਲ ਦੀਆਂ,
ਸੱਖਣੇ ਝਾਕਣ ਬਨੇਰੇ, ਕੀ ਕਰਾਂ?

ਦੇਣ ਨਾ ਤਪਦੇ ਦਿਲਾਂ ਨੂੰ ਜੋ ਹਵਾ,
ਝੁੰਡ ਜ਼ੁਲਫ਼ਾਂ ਦੇ ਘਨੇਰੇ, ਕੀ ਕਰਾਂ?

ਦੇਰ ਪਿੱਛੋਂ ਮਿਲਣ ਦਾ ਸ਼ਿਕਵਾ ਨਾ ਕਰ,
ਹਾਲ ਹੀ ਐਸੇ ਨੇ ਮੇਰੇ ਕੀ ਕਰਾਂ?

ਜਿਸ ਨੂੰ ਅੱਖਾਂ ਤੇ ਬਿਠਾਇਆ 'ਨੂਰ' ਨੇ,
ਤੁਰ ਗਿਆ ਨਜ਼ਰੋਂ ਪਰੇਰੇ, ਕੀ ਕਰਾਂ?