ਜਿੰਨ੍ਹਾਂ ਜੁੱਸੇ ਵਿਚ ਪਿਆ ਹੈ ਸਾਰਾ ਦੇ ਦੇ

ਜਿੰਨ੍ਹਾਂ ਜੁੱਸੇ ਵਿਚ ਪਿਆ ਹੈ ਸਾਰਾ ਦੇ ਦੇ।
ਅਪਣਾ ਗੁੱਸਾ ਕੁੱਝ ਦਿਨ ਹੋਰ ਉਧਾਰਾ ਦੇ ਦੇ।

ਸ਼ਾਇਦ ਸਾਂਝ ਬਣੀ ਰਹਿ ਜਾਵੇ ਦੋ ਕੌਮਾਂ ਦੀ,
ਮੰਦਰ ਲੈ ਲੈ ਮੈਨੂੰ ਗੁਰੂਦੁਆਰਾ ਦੇ ਦੇ।

ਕੁੱਝ ਪਲ ਖ਼ਾਤਰ ਦੇਖ ਲਵਾਂ ਦੁਨੀਆਂ ਤੇ ਜੀਅ ਕੇ,
ਸੁਫ਼ਨੇ ਵਿਚ ਹੀ ਹੋਟਲ ਪੰਜ ਸਿਤਾਰਾ ਦੇ ਦੇ।

ਵਣਜ ਵਫ਼ਾ ਦਾ ਜਿਸ ਨੇ ਕੀਤਾ ਧੋਖਾ ਖਾਧਾ,
ਜਿਉਣ ਜੋਗਿਆ! ਵਾਧਾ ਸਾਂਭ ਖ਼ਸਾਰਾ ਦੇ ਦੇ।

ਜਿਉਂਦੇ ਰਹਿਣ ਲਈ ਕੋਈ ਤਾਂ ਹੀਲਾ ਹੋਵੇ,
ਭਾਵੇਂ ਪਰਲੋ ਤੀਕ ਮਿਲਣ ਦਾ ਲਾਰਾ ਦੇ ਦੇ।

ਦੇਖ ਸਕਣ ਬੱਚੇ ਕੁੱਲੀ ਤੋਂ ਬਾਹਰ ਰਹਿਕੇ,
ਛੱਤ ਲਵਾਂ ਘਰ ਰੱਬਾ! ਇੱਟਾਂ, ਗਾਰਾ ਦੇ ਦੇ।

ਕੰਮ ਕਿਸੇ ਦੇ ਆਵਾਂ ਅਪਣੀ ਕਰਕੇ ਖਾਵਾਂ,
ਭੁੱਲ ਗਿਆ, ਹਿੰਮਤ ਤੇ ਹੁਨਰ ਦੁਬਾਰਾ ਦੇ ਦੇ।

ਜਿਥੇ ਮਰਜ਼ੀ ਚਰਦੀ ਫ਼ਿਰੇ ਚਰਾਂਦਾਂ ਦੇ ਵਿਚ,
ਅੱਲੜ ਬੱਛੇ ਵਰਗੀ ਜ਼ਿੰਦ ਅਵਾਰਾ ਦੇ ਦੇ।

ਯਾਦ ਜਦੋਂ ਆਵੇਗੀ ਝਾਤੀ ਮਾਰ ਲਵਾਂਗੇ,
ਜਾਂਦਾ ਜਾਂਦਾ ਅਪਣਾ 'ਨੂਰ' ਉਤਾਰਾ ਦੇ ਦੇ।